''''ਸਮਝੌਤਾ ਕਰ ਚੁੱਕੈ CSIS..!'''' ਭਾਰਤੀ ਹਾਈ ਕਮਿਸ਼ਨਰ ਪਟਨਾਇਕ ਨੇ ਦਿੱਤਾ ਵੱਡਾ ਬਿਆਨ
Wednesday, May 27, 2026 - 10:17 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕੈਨੇਡੀਅਨ ਧਰਤੀ 'ਤੇ ਹੋਣ ਵਾਲੇ ਅਪਰਾਧਾਂ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਕੈਨੇਡੀਅਨ ਅਖ਼ਬਾਰ 'ਦਿ ਗਲੋਬ ਐਂਡ ਮੇਲ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਟਨਾਇਕ ਨੇ ਕੈਨੇਡਾ ਦੇ ਦੋਸ਼ਾਂ ਨੂੰ "ਮਨਘੜਤ ਕਹਾਣੀ" ਕਰਾਰ ਦਿੱਤਾ ਅਤੇ ਕੈਨੇਡਾ ਦੀ ਮੁੱਖ ਖ਼ੁਫ਼ੀਆ ਏਜੰਸੀ 'ਕੈਨੇਡੀਅਨ ਸਕਿਊਰਿਟੀ ਇੰਟੈਲੀਜੈਂਸ ਸਰਵਿਸ' (CSIS) ਦੀ ਭਰੋਸੇਯੋਗਤਾ 'ਤੇ ਹੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਦਾਅਵਾ ਕੀਤਾ ਕਿ ਭਾਰਤ 'ਚ ਇਹ ਧਾਰਨਾ ਬਹੁਤ ਮਜ਼ਬੂਤ ਹੈ ਕਿ ਕੈਨੇਡਾ ਦਾ ਸੁਰੱਖਿਆ ਸਿਸਟਮ 'ਸਮਝੌਤਾ' ਕਰ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ CSIS ਦੇ ਕੁਝ ਹਿੱਸੇ ਕੈਨੇਡਾ ਵਿੱਚ ਸਰਗਰਮ ਖਾਲਿਸਤਾਨੀ ਵੱਖਵਾਦੀ ਸਮੂਹਾਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਸਮੂਹਾਂ ਨੇ ਕੈਨੇਡਾ ਨੂੰ ਪੰਜਾਬ ਵਿਰੋਧੀ ਸਰਗਰਮੀਆਂ ਦਾ ਇੱਕ ਸੁਰੱਖਿਅਤ ਅੱਡਾ ਬਣਾ ਲਿਆ ਹੈ। ਪਟਨਾਇਕ ਨੇ ਕਿਹਾ ਕਿ ਭਾਰਤ ਖ਼ਿਲਾਫ਼ ਕੈਨੇਡਾ ਦੀਆਂ ਖ਼ੁਫ਼ੀਆ ਰਿਪੋਰਟਾਂ ਤੱਥਾਂ 'ਤੇ ਨਹੀਂ, ਬਲਕਿ ਉੱਥੋਂ ਦੇ ਸਿਆਸੀ ਹਿੱਤਾਂ ਦੇ ਆਧਾਰ 'ਤੇ ਤਿਆਰ ਕੀਤੀਆਂ ਗਈਆਂ ਹਨ।
ਸਾਲ 2023 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਜਰ ਦੇ ਹੋਏ ਕਤਲ ਦੀ ਜਾਂਚ ਦਾ ਜ਼ਿਕਰ ਕਰਦਿਆਂ ਪਟਨਾਇਕ ਨੇ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਤੋੜਿਆ-ਮਰੋੜਿਆ ਗਿਆ ਹੈ। ਉਨ੍ਹਾਂ ਕੈਨੇਡੀਅਨ ਪ੍ਰਸ਼ਾਸਨ ਨੂੰ ਚੁਣੌਤੀ ਦਿੰਦਿਆਂ ਕਿਹਾ, "ਜੇਕਰ ਤੁਹਾਡੇ ਕੋਲ ਭਾਰਤ ਸਰਕਾਰ ਦੇ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਹਨ, ਤਾਂ ਮੀਡੀਆ ਜਾਂ ਸਿਆਸੀ ਬਿਆਨਬਾਜ਼ੀ ਰਾਹੀਂ 'ਪਬਲਿਕ ਟ੍ਰਾਇਲ' ਕਰਨ ਦੀ ਬਜਾਏ ਅਦਾਲਤ ਵਿੱਚ ਜਾਓ ਅਤੇ ਇਸ ਨੂੰ ਸਾਬਿਤ ਕਰ ਕੇ ਦਿਖਾਓ।"
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼
ਹਾਲਾਂਕਿ, ਪਟਨਾਇਕ ਨੇ ਇਹ ਸੰਭਾਵਨਾ ਜ਼ਰੂਰ ਜਤਾਈ ਕਿ ਸ਼ਾਇਦ ਕੁਝ ਸਿਰਫਿਰੇ ਜਾਂ ਗੁੰਮਰਾਹਕੁੰਨ ਅਨਸਰਾਂ ਨੇ ਆਪਣੇ ਪੱਧਰ 'ਤੇ ਅਜਿਹੀ ਕਿਸੇ ਕਾਰਵਾਈ ਨੂੰ ਅੰਜਾਮ ਦਿੱਤਾ ਹੋਵੇ, ਪਰ ਇਸ ਵਿੱਚ ਭਾਰਤ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।
ਦੂਜੇ ਪਾਸੇ, ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦਾਸੰਗਰੀ ਨੇ ਭਾਰਤੀ ਰਾਜਦੂਤ ਦੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਦੱਸਦਿਆਂ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਖ਼ੁਫ਼ੀਆ ਏਜੰਸੀ (CSIS) ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਣਾ ਗਲਤ ਹੈ ਅਤੇ ਏਜੰਸੀ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਵਿਰੁੱਧ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਨਾਲ ਹੀ ਖਾਲਿਸਤਾਨੀ ਕਾਰਕੁੰਨਾਂ ਤੇ ਵਰਲਡ ਸਿੱਖ ਆਰਗਨਾਈਜ਼ੇਸ਼ਨ ਨੇ ਵੀ ਪਟਨਾਇਕ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਬਿਆਨਬਾਜ਼ੀ ਅਜਿਹੇ ਸਮੇਂ ਆਈ ਹੈ ਜਦੋਂ ਦੋਵੇਂ ਦੇਸ਼ ਆਪਣੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮੁੜ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਭਾਰਤ ਦਾ ਇੱਕ ਵੱਡਾ ਵਪਾਰਕ ਵਫ਼ਦ ਇਸ ਵੇਲੇ ਕੈਨੇਡਾ ਦੇ ਦੌਰੇ 'ਤੇ ਹੈ। ਅਜਿਹੇ 'ਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਮੁੜ ਕੜਵਾਹਟ ਪੈਦਾ ਕਰ ਸਕਦੀ ਹੈ।
ਇਹ ਵੀ ਪੜ੍ਹੋ- 'ਬਿਲਕੁਲ ਮਨਜ਼ੂਰ ਨਹੀਂ..!', ਪਾਕਿਸਤਾਨ ਨੇ ਟਰੰਪ ਨੂੰ ਕਰ'ਤੀ ਕੋਰੀ ਨਾਂਹ, ਅਮਰੀਕਾ ਨਾਲ ਲੈ ਲਿਆ 'ਪੰਗਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
