ਭਾਜਪਾ ਨੇਤਾ ਦਿਲੀਪ ਘੋਸ਼ ਨੇ ਮਮਤਾ ਵਿਰੁੱਧ ਕੀਤੀ ਵਿਵਾਦਿਤ ਟਿੱਪਣੀ, ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
Tuesday, Mar 26, 2024 - 08:06 PM (IST)
ਕੋਲਕਾਤਾ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਦਿਲੀਪ ਘੋਸ਼ ਇੱਕ ਕਥਿਤ ਵੀਡੀਓ ਕਲਿੱਪ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਰਿਵਾਰਕ ਪਿਛੋਕੜ ਦਾ ਮਜ਼ਾਕ ਉਡਾਉਂਦੇ ਨਜ਼ਰ ਆਉਣ ਪਿੱਛੋਂ ਮੰਗਲਵਾਰ ਵਿਵਾਦਾਂ ’ਚ ਘਿਰ ਗਏ।
ਇਸ ’ਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਦਿਲੀਪ ਘੋਸ਼ ਦੀ ਇਹ ਟਿੱਪਣੀ 'ਭਾਜਪਾ ਦੇ ਡੀ. ਐੱਨ . ਏ. ਨੂੰ ਦਰਸਾਉਂਦੀ ਹੈ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਨੂੰ ਟੀ. ਐੱਮ. ਸੀ. ਦੇ ਚੋਣ ਨਾਅਰੇ ‘ਬੰਗਲਾ ਨਿਜੇਰ ਮੇਕੇ ਚਾਏ’ (ਬੰਗਾਲ ਆਪਣੀ ਬੇਟੀ ਚਾਹੁੰਦਾ ਹੈ) ਦਾ ਮਜ਼ਾਕ ਉਡਾਉਂਦੇ ਵੇਖਿਆ ਜਾ ਸਕਦਾ ਹੈ।
ਵੀਡੀਓ ਕਲਿੱਪ ’ਚ ਦਿਲੀਪ ਘੋਸ਼ ਨੇ ਕਿਹਾ ਕਿ ਜਦੋਂ ਮਮਤਾ ਗੋਆ ਜਾਂਦੀ ਹੈ ਤਾਂ ਕਹਿੰਦੀ ਹੈ ਕਿ ਉਹ ਗੋਆ ਦੀ ਬੇਟੀ ਹੈ। ਤ੍ਰਿਪੁਰਾ ’ਚ ਉਹ ਕਹਿੰਦੀ ਹੈ ਕਿ ਉਹ ਤ੍ਰਿਪੁਰਾ ਦੀ ਬੇਟੀ ਹੈ। ਪਹਿਲਾਂ, ਉਨ੍ਹਾਂ ਨੂੰ ਸਪੱਸ਼ਟ ਕਰਨ ਦਿਓ ... । ਵੀਡੀਓ ਵਾਇਰਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਘੋਸ਼ ਦੇ ਬਿਆਨ 'ਤੇ ਜ਼ਿਲ੍ਹਾ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ।