ਦਿਗਵਿਜੇ ਨੇ ਪੁਰਾਣੀ ਫੋਟੋ ਕੀਤੀ ਪੋਸਟ, ਸ਼ਿਵਰਾਜ ਨੇ ਘੇਰਿਆ
Monday, Jun 11, 2018 - 12:43 AM (IST)

ਭੋਪਾਲ— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਵਲੋਂ ਐਤਵਾਰ ਟਵੀਟਰ 'ਤੇ ਇਕ ਫੋਟੋ ਪੋਸਟ ਕਰਨ ਪਿਛੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈ ਲਿਆ। ਚੌਹਾਨ ਨੇ ਇਹ ਕਹਿੰਦਿਆਂ ਦਿਗਵਿਜ ਸਿੰਘ ਦੀ ਆਲੋਚਨਾ ਕੀਤੀ ਕਿ ਉਹ ਤਾਂ ਆਪਣੇ ਟਵੀਟਰ ਹੈਂਡਲ 'ਤੇ ਪੁਲ ਵੀ ਠੀਕ ਢੰਗ ਨਾਲ ਨਹੀਂ ਬਣਾ ਸਕੇ। ਅਸਲ 'ਚ ਦਿਗਵਿਜੇ ਨੇ ਐਤਵਾਰ ਸਵੇਰੇ ਇਕ ਫੋਟੋ ਪੋਸਟ ਕਰਦਿਆਂ ਕਿਹਾ ਕਿ ਇਹ ਤਸਵੀਰ ਭੋਪਾਲ ਦੇ ਸੁਭਾਸ਼ ਨਗਰ ਰੇਲਵੇ ਫਾਟਕ 'ਤੇ ਬਣ ਰਹੇ ਰੇਲਵੇ ਓਵਰਬ੍ਰਿਜ ਦੇ ਇਕ ਪੁਲ ਦੀ ਹੈ ਜਿਸ 'ਚ ਆਈਆਂ ਤਰੇੜਾਂ ਇਸ ਦੀ ਗੁਣਵੱਤਾ 'ਤੇ ਸਵਾਲ ਉਠਾ ਰਹੀਆਂ ਹਨ। ਇਕ ਭਾਜਪਾ ਆਗੂ ਦੇ ਮਾਰਗਦਰਸ਼ਨ 'ਚ ਇਸ ਦੀ ਉਸਾਰੀ ਹੋ ਰਹੀ ਹੈ। ਫਿਰ ਇਹ ਤਰੇੜਾਂ ਕਿਉਂ ਤੇ ਕਿਵੇਂ? ਕਿਤੇ ਵਾਰਾਣਸੀ ਵਰਗਾ ਹਾਦਸਾ ਇਥੇ ਵੀ ਨਾ ਵਾਪਰ ਜਾਵੇ।
ਦਿਗਵਿਜੇ ਵਲੋਂ ਇਹ ਫੋਟੋ ਪੋਸਟ ਕਰਦਿਆਂ ਹੀ ਕਈ ਲੋਕਾਂ ਨੇ ਇਸ ਤਸਵੀਰ ਨੂੰ ਰਾਵਲਪਿੰਡੀ ਦੇ ਇਕ ਪੁਲ 'ਚ ਆਈ ਤਰੇੜ ਦੀ ਤਸਵੀਰ ਦੱਸਦਿਆਂ ਖਬਰਾਂ ਦਾ ਲਿੰਕ ਸ਼ੇਅਰ ਕੀਤਾ। ਲਗਭਗ ਢਾਈ ਸਾਲ ਪੁਰਾਣੀ ਇਸ ਤਸਵੀਰ ਦੀ ਖਬਰ ਦੇ ਇਸ ਲਿੰਕ 'ਚ ਇਸ ਨੂੰ ਰਾਵਲਪਿੰਡੀ-ਇਸਲਾਮਾਬਾਦ ਮੈਟਰੋ ਟ੍ਰੇਨ ਦੇ ਡਿਜ਼ਾਈਨ ਦਾ ਨੁਕਸ ਦੱਸਿਆ ਸੀ।
ਸ਼ਿਵਰਾਜ ਨੇ ਆਪਣੇ ਟਵੀਟ 'ਚ ਕਿਹਾ ਕਿ ਪਤਾ ਨਹੀਂ ਦਿਗਵਿਜੇ ਨੂੰ ਅਜਿਹਾ ਕਿਉਂ ਲੱਗਾ ਕਿ ਮੱਧ ਪ੍ਰਦੇਸ਼ 'ਚ ਅੱਜ ਵੀ ਉਨ੍ਹਾਂ ਦੇ ਜ਼ਮਾਨੇ ਵਰਗੀਆਂ ਧਾਂਦਲੀਆਂ ਹੁੰਦੀਆਂ ਹੋਣਗੀਆਂ।