PM ਆਪਣੇ ਮਾਤਾ-ਪਿਤਾ ਦਾ ਜਨਮ ਸਰਟੀਫਿਕੇਟ ਦਿਖਾ ਦੇਣ, ਅਸੀਂ ਆਪਣੇ ਦਸਤਾਵੇਜ਼ ਦੇਵਾਂਗੇ : ਦਿਗਵਿਜੇ

01/15/2020 6:08:04 PM

ਇੰਦੌਰ (ਭਾਸ਼ਾ)— ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਵਿਰੁੱਧ ਕੇਂਦਰ ਸਰਕਾਰ ’ਤੇ ਹਮਲਾ ਕਰਦੇ ਹੋਏ ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਦਿਗਵਿਜੇ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਤਾ-ਪਿਤਾ ਦਾ ਜਨਮ ਸਰਟੀਫਿਕੇਟ ਦਿਖਾ ਦਿੰਦੇ ਹਨ, ਤਾਂ ਦੇਸ਼ ਵਾਸੀ ਸਰਕਾਰ ਨੂੰ ਆਪਣੇ ਬਾਰੇ ਸਾਰੇ ਦਸਤਾਵੇਜ਼ ਮੁਹੱਈਆ ਕਰਾਉਣ ਨੂੰ ਤਿਆਰ ਹਨ। ਦਿਗਵਿਜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਜੀ ਆਪਣੇ ਮਾਤਾ-ਪਿਤਾ ਦਾ ਜਨਮ ਸਰਟੀਫਿਕੇਟ ਸਾਨੂੰ ਦਿਖਾ ਦੇਣ, ਇਸ ਤੋਂ ਬਾਅਦ ਅਸੀਂ ਸਾਰੇ ਕਾਗਜ ਦੇ ਦੇਵਾਂਗੇ। 

ਇਸ ਤੋਂ ਇਲਾਵਾ ਅੱਤਵਾਦ ਵਰਗੇ ਗੰਭੀਰ ਦੋਸ਼ਾਂ ਵਿਚ ਵਾਂਟੇਡ ਵਿਵਾਦਪੂਰਨ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਦੇ ਇਕ ਗੈਰ-ਪ੍ਰਮਾਣਿਤ ਦਾਅਵੇ ਨੂੰ ਲੈ ਕੇ ਵੀ ਦਿਗਵਿਜੇ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨਾਇਕ ਨੇ ਵੀਡੀਓ ਜ਼ਰੀਏ ਬਿਆਨ ਦਿੱਤਾ ਹੈ ਕਿ ਸਤੰਬਰ 2019 ’ਚ ਉਨ੍ਹਾਂ ਕੋਲ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਕ ਦੂਤ ਭੇਜਿਆ ਗਿਆ ਸੀ, ਜਿਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਕਦਮ ਦਾ ਸਮਰਥਨ ਕਰਦੇ ਹਨ, ਤਾਂ ਸਰਕਾਰ ਉਨ੍ਹਾਂ ਵਿਰੁੱਧ ਦਰਜ ਮਾਮਲੇ ਵਾਪਸ ਲਵੇਗੀ ਅਤੇ ਉਹ ਭਾਰਤ ਪਰਤ ਸਕਦੇ ਹਨ। ਦਿਗਵਿਜੇ ਨੇ ਕਿਹਾ ਕਿ ਜਿਸ ਜ਼ਾਕਿਰ ਨਾਇਕ ਨੇ ਮੋਦੀ ਅਤੇ ਸ਼ਾਹ ਨੂੰ ਦੇਸ਼ ਧਰੋਹੀ ਕਰਾਰ ਦਿੱਤਾ ਹੈ, ਜੇਕਰ ਉਹ ਹੀ ਸ਼ਖਸ ਇਸ ਤਰ੍ਹਾਂ ਦਾ ਬਿਆਨ ਦੇ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਖੰਡਨ ਕਰਨਾ ਚਾਹੀਦਾ ਹੈ। ਮੇਰਾ ਪ੍ਰਸ਼ਨ ਹੈ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਨਾਇਕ ਦੇ ਇਸ ਬਿਆਨ ਦਾ ਅੱਜ ਤਕ ਖੰਡਨ ਕਿਉਂ ਨਹੀਂ ਕੀਤਾ ਗਿਆ?


Tanu

Content Editor

Related News