ਓਮ ਬਿਰਲਾ ਦੀ ਸੰਸਦ ਮੈਂਬਰਾਂ ਨੂੰ ਨਸੀਹਤ- ਸੜਕ ਅਤੇ ਸੰਸਦ ਦੇ ਵਿਰੋਧ ''ਚ ਹੋਣਾ ਚਾਹੀਦੈ ਫ਼ਰਕ

06/26/2024 3:59:46 PM

ਨਵੀਂ ਦਿੱਲੀ- ਓਮ ਬਿਰਲਾ ਬੁੱਧਵਾਰ ਯਾਨੀ ਕਿ ਅੱਜ ਲੋਕ ਸਭਾ ਸਪੀਕਰ ਚੁਣੇ ਗਏ। ਸਦਨ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੱਤੀ ਹੈ ਕਿ ਸੰਸਦੀ ਪਰੰਪਰਾਵਾਂ ਮੁਤਾਬਕ ਸਮੂਹਿਕ ਰੂਪ ਨਾਲ ਰਾਸ਼ਟਰ ਹਿੱਤ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੜਕ ਅਤੇ ਸੰਸਦ ਵਿਚ ਵਿਰੋਧ ਦੇ ਫ਼ਰਕ ਨੂੰ ਸਮਝਦੇ ਹੋਏ ਸਹਿਮਤੀ ਜਾਂ ਅਸਹਿਮਤੀ ਜ਼ਾਹਰ ਕਰਨੀ ਚਾਹੀਦੀ ਹੈ। ਬਿਰਲਾ ਨੂੰ ਬੁੱਧਵਾਰ ਨੂੰ ਆਵਾਜ਼ ਵੋਟ ਰਾਹੀਂ ਲੋਕ ਸਭਾ ਸਪੀਕਰ ਚੁਣ ਲਿਆ ਗਿਆ। ਉਹ ਦੂਜੀ ਵਾਰ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਮੁੜ ਸਪੀਰ ਦੀ ਜ਼ਿੰਮੇਵਾਰੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਕੈਬਨਿਟ ਅਤੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਅਤੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ।

ਇਹ ਵੀ ਪੜ੍ਹੋ- ਸੰਸਦ 'ਚ ਮੋਦੀ ਸਰਕਾਰ 3.0 ਦਾ ਪਹਿਲਾ ਇਮਤਿਹਾਨ, ਓਮ ਬਿਰਲਾ ਚੁਣੇ ਗਏ ਲੋਕ ਸਭਾ ਸਪੀਕਰ

ਬਿਰਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਲਗਾਤਾਰ ਤੀਜੀ ਵਾਰ NDA ਦੀ ਸਰਕਾਰ ਬਣੀ ਹੈ ਅਤੇ ਪਿਛਲੇ ਇਕ ਦਹਾਕੇ ਵਿਚ ਦੇਸ਼ ਦੀ ਜਨਤਾ ਦੀਆਂ ਉਮੀਦਾਂ ਅਤੇ ਇੱਛਾਵਾਂ ਵਧੀਆਂ ਹਨ। ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਜਨਤਾ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਅਸੀਂ ਸਮੂਹਿਕ ਕੋਸ਼ਿਸ਼ ਕਰੀਏ। ਵਿਰੋਧੀ ਧਿਰ ਦੀ ਸਹਿਮਤੀ ਅਤੇ ਅਸਹਿਮਤੀ ਦਾ ਸੀਮਤ ਪ੍ਰਗਟਾਵਾ ਹੋਣਾ ਚਾਹੀਦਾ ਹੈ। ਦੇਸ਼ ਦੇ ਭਖਦੇ ਮਸਲਿਆਂ 'ਤੇ ਸਾਰਥਕ ਚਰਚਾ ਅਤੇ ਸੰਵਾਦ ਹੋਣਾ ਚਾਹੀਦਾ ਹੈ। ਸਾਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਇੱਛਾ ਸ਼ਕਤੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸਦਨ 'ਚ ਹਰ ਤਰ੍ਹਾਂ ਦੇ ਵਿਚਾਰ ਆਉਣੇ ਚਾਹੀਦੇ ਹਨ। ਸਹਿਮਤੀ-ਅਸਹਿਮਤੀ ਲੋਕਤੰਤਰ ਦੀ ਤਾਕਤ ਹੈ। ਸਾਰੇ ਮੈਂਬਰਾਂ ਦੀ ਵਿਚਾਰਧਾਰਾ ਵੱਖਰੀ ਹੈ ਪਰ ਦੇਸ਼ ਸਰਵਉੱਚ ਹੈ। ਮੇਰੀ ਉਮੀਦ ਹੈ ਕਿ ਮੈਂ ਸਦਨ ਨੂੰ ਸਾਰਿਆਂ ਦੀ ਸਹਿਮਤੀ ਨਾਲ ਚਲਾਵਾਂ ਪਰ ਤੁਹਾਨੂੰ ਸੰਸਦੀ ਰਵਾਇਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸੰਸਦ ਵਿਚ ਰੋਸ ਪ੍ਰਦਰਸ਼ਨ ਅਤੇ ਸੜਕਾਂ ’ਤੇ ਰੋਸ ਪ੍ਰਦਰਸ਼ਨ 'ਚ ਫਰਕ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਬਣਨ ਵਾਲੇ ਪਹਿਲੇ ਭਾਜਪਾ ਆਗੂ ਬਣੇ ਓਮ ਬਿਰਲਾ

ਬਿਰਲਾ ਨੇ ਕਿਹਾ ਕਿ ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੇ 64 ਕਰੋੜ ਤੋਂ ਵੱਧ ਵੋਟਰਾਂ ਨੇ ਭੂਗੋਲਿਕ ਚੁਣੌਤੀਆਂ ਅਤੇ ਮੌਸਮ ਨਾਲ ਸਬੰਧਤ ਔਕੜਾਂ ਦੇ ਬਾਵਜੂਦ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਲਈ ਜਨਤਾ ਧੰਨਵਾਦ ਦੀ ਹੱਕਦਾਰ ਹੈ। ਉਨ੍ਹਾਂ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਇਸ ਮੌਕੇ ਬਿਰਲਾ ਨੇ ਲੋਕ ਸਭਾ ਦੇ ਸਾਬਕਾ ਸਪੀਕਰਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਮੈਂ ਪਿਛਲੇ ਪੰਜ ਸਾਲਾਂ ਵਿਚ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਮੈਂਬਰਾਂ ਨੂੰ ਢੁਕਵਾਂ ਸਮਾਂ ਅਤੇ ਮੌਕੇ ਮਿਲੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News