ਗੋਂਡਾ ''ਚ ਡਾਇਰੀਆ ਦਾ ਕਹਿਰ, ਇੱਕੋ ਪਰਿਵਾਰ ਦੀਆਂ 3 ਬੱਚੀਆਂ ਨੇ ਤੋੜਿਆ ਦਮ
Wednesday, Sep 11, 2024 - 01:56 AM (IST)
ਲਖਨਊ : ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ 'ਚ ਪਿਛਲੇ ਤਿੰਨ ਦਿਨਾਂ 'ਚ ਡਾਇਰੀਆ ਦੇ ਕਹਿਰ ਕਾਰਨ ਇੱਕੋ ਪਰਿਵਾਰ ਦੀਆਂ ਤਿੰਨ ਮਾਸੂਮ ਬੱਚੀਆਂ ਦੀ ਮੌਤ ਹੋ ਗਈ, ਜਦਕਿ 6 ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਸਪਤਾਲ ਦੀ ਚੀਫ ਮੈਡੀਕਲ ਅਫਸਰ (ਸੀਐੱਮਓ) ਡਾ. ਰਸ਼ਮੀ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਇਟਿਆਥੋਕ ਵਿਕਾਸ ਖੇਤਰ ਅਧੀਨ ਪੈਂਦੇ ਪਿੰਡ ਬਿਸ਼ਨਪੁਰ ਸੰਗਮ ਦੇ ਮਾਜਰਾ ਮਧੇਜੋਤ ਵਿਚ ਪਿਛਲੇ ਤਿੰਨ ਦਿਨਾਂ ਦੌਰਾਨ ਡਾਇਰੀਆ ਤੋਂ ਪ੍ਰਭਾਵਿਤ ਤਿੰਨ ਲੜਕੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮੁਫ਼ਤ 'ਚ ਅਪਡੇਟ ਕਰੋ ਆਧਾਰ ਕਾਰਡ, ਜਾਣੋ ਆਫਲਾਈਨ-ਆਨਲਾਈਨ ਤਰੀਕਾ, ਦੇਰ ਕੀਤੀ ਤਾਂ ਦੇਣਾ ਹੋਵੇਗਾ ਚਾਰਜ
ਸੀਐੱਮਓ ਨੇ ਦੱਸਿਆ ਕਿ ਮ੍ਰਿਤਕ ਲੜਕੀਆਂ ਦੀ ਪਛਾਣ ਸ਼ਿਵਾ (2) ਪੁੱਤਰੀ ਮਹੇਸ਼ ਦੱਤ ਅਤੇ ਪੱਲਵੀ (8) ਅਤੇ ਚੰਚਲ (20 ਦਿਨ) ਪੁੱਤਰੀ ਗਣੇਸ਼ ਦੱਤ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਗੰਭੀਰ ਬਿਮਾਰ ਸ਼ਰਧਾ (4) ਪੁੱਤਰੀ ਗਣੇਸ਼, ਅਨੀਤਾ ਤਿਵਾਰੀ (40) ਪਤਨੀ ਉਗਰਸੇਨ, ਸੁਨੀਤਾ (45) ਪਤਨੀ ਚੰਦਰਸ਼ੇਖਰ, ਅਮਨ (22) ਪੁੱਤਰ ਉਗਰਸੇਨ, ਦੀਪ ਸ਼ਿਖਾ (22) ਪਤਨੀ ਅਮਨ ਅਤੇ ਆਦਰਸ਼ (16) ਪੁੱਤਰ ਉਗਰਸੇਨ ਨੂੰ ਇਲਾਜ ਲਈ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਸਾਰਿਆਂ ਦੀ ਹਾਲਤ ਗੰਭੀਰ ਪਰ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਪ੍ਰਭਾਵਿਤ ਪਿੰਡ ਵਿਚ ਭੇਜ ਕੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੂੰ ਵੀ ਸਫਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇਹਾ ਸ਼ਰਮਾ ਨੇ ਇਸ ਮਾਮਲੇ ਵਿਚ ਦੱਸਿਆ ਕਿ ਮੈਡੀਕਲ ਵਿਭਾਗ ਦੀਆਂ ਟੀਮਾਂ ਪਿੰਡ ਵਿਚ ਕੈਂਪ ਲਗਾ ਕੇ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਸਫ਼ਾਈ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਕਈ ਵਿਕਾਸ ਬਲਾਕ ਪੱਧਰ ਦੇ ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ। 6 ਗੰਭੀਰ ਰੂਪ ਨਾਲ ਬਿਮਾਰ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬਿਹਤਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8