ਆਨਲਾਈਨ ਖਰੀਦ ਵੱਧਣ ਕਾਰਣ ਡਾਇਮੰਡ ਦਾ ਵਪਾਰ ਲੱਗਾ ਚਮਕਣ

01/25/2021 8:27:54 PM

ਵਾਸ਼ਿੰਗਟਨ/ਗੁਜਰਾਤ - ਪਿਛਲੇ ਕਈ ਸਾਲਾਂ ਤੋਂ ਸਮੁੱਚੀ ਦੁਨੀਆ ਵਿਚ ਡਾਇਮੰਡ ਦਾ ਕਾਰੋਬਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ ਪਰ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਣ ਇਸ ਦੇ ਵਪਾਰ ਨੂੰ ਢਾਹ ਵੱਜੀ। ਹੁਣ ਜਿਵੇਂ-ਜਿਵੇਂ ਕੋਰੋਨਾ ਵਾਇਰਸ ਦੀ ਦਹਿਸ਼ਤ ਖਤਮ ਹੁੰਦੀ ਜਾ ਰਹੀ ਹੈ, ਡਾਇਮੰਡ ਦਾ ਵਪਾਰ ਤੇਜ਼ੀ ਨਾਲ ਵੱਧ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਇਮੰਡ ਦੀ ਖਰੀਦਦਾਰੀ ਆਨਲਾਈਨ ਤੇਜ਼ੀ ਨਾਲ ਹੋ ਰਹੀ ਹੈ।

ਭਾਰਤ ਦੇ ਗੁਜਰਾਤ ਸੂਬੇ ਦਾ ਸੂਰਤ ਸ਼ਹਿਰ ਡਾਇਮੰਡ ਲਈ ਸਮੁੱਚੀ ਦੁਨੀਆ ਵਿਚ ਪ੍ਰਸਿੱਧ ਹੈ। ਇਥੇ ਡਾਇਮੰਡ ਦੇ ਗਹਿਣਿਆਂ ਨੂੰ ਤਿਆਰ ਕਰਨ ਵਾਲੇ ਹੁਨਰਮੰਦ ਕਾਰੀਗਰਾਂ ਦੀ ਮੰਗ ਤੇਜ਼ੀ ਨਾਲ ਵੱਧ ਗਈ ਹੈ। ਡਾਇਮੰਡ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਅਜਿਹੇ ਕਾਰੀਗਰਾਂ ਨੂੰ 50 ਫੀਸਦੀ ਵੱਧ ਤਨਖਾਹ 'ਤੇ ਰੱਖਣ ਲਈ ਤਿਆਰ ਹਨ। ਨਾਲ ਹੀ ਮੁਫਤ ਭੋਜਨ ਤੇ ਰਿਹਾਇਸ਼ ਦੀ ਸਹੂਲਤ ਦੇਣ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਡਾਇਮੰਡ ਦੀ ਮਾਈਨਿੰਗ ਕਰਨ ਵਾਲੇ ਡੇ ਬੀਅਰਜ਼ ਗਰੁੱਪ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪਹਿਲੀ ਵਾਰ ਡਾਇਮੰਡ ਦੀ ਮੰਗ ਵਿਚ ਭਾਰੀ ਵਾਧਾ ਹੋ ਰਿਹਾ ਹੈ। ਉਕਤ ਕੰਪਨੀ ਦਾ ਮੁਕਾਬਲਾ ਕਰਨ ਵਾਲੀ ਇਕ ਹੋਰ ਕੰਪਨੀ ਅਲਰੋਸਾ ਦਾ ਕਹਿਣਾ ਹੈ ਕਿ ਕੁਝ ਸਮੇਂ ਦੀ ਖਾਮੋਸ਼ੀ ਪਿੱਛੋਂ ਹੁਣ ਡਾਇਮੰਡ ਦੀ ਮੰਗ ਜ਼ੋਰ-ਸ਼ੋਰ ਨਾਲ ਨਿਕਲੇਗੀ।
ਇਹ ਵੀ ਪੜ੍ਹੋ- ਕਿਸਾਨਾਂ ਦੀ ਟਰੈਕਟਰ ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਦੇ ਘਰ ਹਾਈ ਲੈਵਲ ਮੀਟਿੰਗ

ਪਿਛਲੇ ਇਕ ਸਾਲ ਦੌਰਾਨ ਲਾਕਡਾਊਨ ਦੇ ਸਮੇਂ ਵਿਚ ਜਿੱਥੇ ਲੋਕਾਂ ਨੇ ਘਰਾਂ ਵਿਚ ਰਹਿ ਕੇ ਕੰਮ ਕੀਤੇ, ਉਥੇ ਨਾਲ ਹੀ ਘਰਾਂ ਵਿਚ ਬੈਠ ਕੇ ਆਨਲਾਈਨ ਖਰੀਦ ਨੂੰ ਵੀ ਉਤਸ਼ਾਹਿਤ ਕੀਤਾ। ਅਜੇ ਵੀ ਲੋਕ ਦੁਕਾਨਾਂ ਵਿਚ ਜਾਣ ਦੀ ਬਜਾਏ ਘਰ ਬੈਠਿਆਂ ਹੀ ਆਨਲਾਈਨ ਡਾਇਮੰਡ ਦੇ ਆਰਡਰ ਦੇ ਰਹੇ ਹਨ।

ਪਿਛਲੇ 5 ਸਾਲ ਤੋਂ ਡਾਇਮੰਡ ਦੀ ਸਮੁੱਚੀ ਦੁਨੀਆ ਵਿਚ ਮੰਗ 80 ਬਿਲੀਅਨ ਡਾਲਰ ਤੋਂ ਵੀ ਵੱਧ ਦੀ ਰਹੀ ਹੈ। ਹੁਣ ਜਿਵੇਂ ਹੀ ਕੋਰੋਨਾ ਵਾਇਰਸ ਦੇ ਟੀਕੇ ਮਾਰਕੀਟ ਵਿਚ ਆਏ ਹਨ, ਲੋਕਾਂ ਵਿਚ ਵੱਖ-ਵੱਖ ਕੀਮਤੀ ਵਸਤਾਂ ਖਰੀਦਣ ਦੇ ਨਾਲ ਡਾਇਮੰਡ ਦੀ ਆਨਲਾਈਨ ਖਰੀਦਦਾਰੀ ਨੂੰ ਲੈ ਕੇ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਉੱਤਰੀ ਅਮਰੀਕਾ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਡਾਇਮੰਡ ਅਤੇ ਹੋਰ ਕੀਮਤੀ ਗਹਿਣਿਆਂ ਦੀ ਮੰਗ ਵਿਚ 7.8 ਫੀਸਦੀ ਦਾ ਵਾਧਾ ਹੋਇਆ ਹੈ। ਚੀਨ ਵਿਚ ਵੀ ਇਸ ਸਬੰਧੀ ਆਨਲਾਈਨ ਮੰਗ ਵਧੀ ਹੈ। ਇਹ ਕੁਝ ਥਾਵਾਂ 'ਤੇ 18 ਫੀਸਦੀ ਤੱਕ ਵੀ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News