ਪੰਚਾਇਤ ਨੇ CM ਨੂੰ ਲਾਈ ਗੁਹਾਰ, ਟੈਬਲੇਟ ਵਾਪਸ ਲੈ ਲਓ, ਬੱਚੇ ਦੇਖ ਰਹੇ ਅਸ਼ਲੀਲ ਸਮੱਗਰੀ
Saturday, Jul 29, 2023 - 05:00 PM (IST)

ਜੀਂਦ- ਹਰਿਆਣਾ 'ਚ ਸਰਕਾਰੀ ਸਕੂਲਾਂ 'ਚ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਟੈਬਲੇਟ ਵਾਪਸ ਲੈਣ ਲਈ ਢਿਗਾਨਾ ਪਿੰਡ ਦੇ ਸਰਪੰਚ ਵਿਨੋਦ ਨੇ ਵਧੀਕ ਮੁੱਖ ਸਕੱਤਰ ਨੂੰ ਸ਼ਿਕਾਇਤ ਭੇਜੀ ਹੈ। ਢਿਗਾਨਾ ਪਿੰਡ ਦੇ ਸਰਪੰਚ ਵਿਨੋਦ ਨੇ ਦੱਸਿਆ ਕਿ ਸਰਕਾਰ ਵੱਲੋਂ ਬੱਚਿਆਂ ਲਈ ਟੈਬਲੇਟ ਦਿੱਤੇ ਗਏ ਸਨ। ਸਰਕਾਰ ਦਾ ਇਰਾਦਾ ਸੀ ਕਿ ਵਿਦਿਆਰਥੀ ਟੈਬਲੇਟ ਰਾਹੀਂ ਨਵੀਂ ਤਕਨਾਲੋਜੀ ਰਾਹੀਂ ਸਿੱਖਿਆ ਦਾ ਪੱਧਰ ਸੁਧਾਰ ਲੈਣਗੇ ਪਰ ਇਸਦੇ ਉਲਟ ਹੋਇਆ।
ਸਰਪੰਚ ਨੇ ਕਿਹਾ ਕਿ ਬੱਚੇ ਟੈਬਲੇਟ ਦੀ ਦੁਰਵਰਤੋਂ ਕਰ ਰਹੇ ਹਨ। ਨਵੇਂ-ਨਵੇਂ ਐਪ ਡਾਊਨਲੋਡ ਕਰ ਰਹੇ ਹਨ, ਗੇਮਾਂ ਖੇਡ ਕੇ ਸਮਾਂ ਬਰਬਾਦ ਕਰ ਰਹੇ ਹਨ ਅਤੇ ਅਸ਼ਲੀਲ ਸਮੱਗਰੀ ਦੇਖ ਰਹੇ ਹਨ। ਸਰਪੰਚ ਨੇ ਗੁਹਾਰ ਲਗਾਈ ਕਿ ਸਕੂਲਾਂ 'ਚ ਦਿੱਤੇ ਗਏ ਟੈਬਲੇਟ ਨੂੰ ਵਾਪਸ ਲਿਆ ਜਾਵੇ।
ਬੱਚਿਆਂ 'ਤੇ ਨਜ਼ਰ ਰੱਖਣ ਮਾਪੇ
ਸਮਾਜਿਕ ਸਰੋਕਾਰ ਪਰਿਵਾਰ ਸੰਸਥਾ ਦੇ ਸੂਬਾ ਪ੍ਰਧਾਨ ਯੋਗੀ ਸੰਜੀਵ ਨਾਥ ਨੇ ਦੱਸਿਆ ਕਿ ਅੱਜ ਦਾ ਯੁੱਗ ਡਿਜੀਟਲ ਯੁੱਗ ਹੈ। ਸਰਕਾਰ ਦੁਆਰਾ ਵਿਦਿਆਰਥੀਆਂ ਨੂੰ ਕੋਰੋਨਾ ਕਾਲ 'ਚ ਪੜ੍ਹਾਈ 'ਚ ਰੁਕਾਵਟ ਨਾ ਪਵੇ ਇਸ ਲਈ ਟੈਬਲੇਟ ਵੰਡੇ ਸਨ। ਜੇਕਰ ਬੱਚੇ ਗਲਤ ਚੀਜ਼ ਦੇਖਦੇ ਹਨ ਤਾਂ ਉਨ੍ਹਾਂ 'ਤੇ ਮਾਪੇ ਨਜ਼ਰ ਰੱਖਣ। ਟੈਬਲੇਟ ਨਾਲ ਚੰਗੀ ਸਿੱਖਿਆ ਵੀ ਗ੍ਰਹਿਣ ਕੀਤੀ ਜਾ ਸਕਦੀ ਹੈ। ਇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਠੀਕ ਉਸੇ ਤਰ੍ਹਾਂ ਗਲਤ ਚੀਜ਼ ਦੇਖਣ ਦੀ ਬਜਾਏ ਬੱਚਿਆਂ ਨੂੰ ਸੰਸਕਾਰ ਦਿਓ ਤਾਂ ਜੋ ਬੱਚੇ ਆਪਣਾ ਭਵਿੱਖ ਉਜਵਲ ਬਣਾ ਸਕਣ।