ਧਨਖੜ ਵੱਲੋਂ ਚੌਹਾਨ ’ਤੇ ਹੈਰਾਨੀਜਨਕ ਹਮਲਾ
Tuesday, Dec 31, 2024 - 07:23 PM (IST)
ਨੈਸ਼ਨਲ ਡੈਸਕ- ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਇਕ ਚੁਸਤ ਸਿਆਸਤਦਾਨ ਹਨ। ਉਨ੍ਹਾਂ ਸਖ਼ਤ ਮਿਹਨਤ ਤੇ ਸਿਆਣਪ ਨਾਲ ਹੀ ਇਹ ਮੁਕਾਮ ਹਾਸਲ ਕੀਤਾ ਹੈ।
ਪੱਛਮੀ ਬੰਗਾਲ ਦਾ ਰਾਜਪਾਲ ਬਣਨ ਤੋਂ ਬਾਅਦ ਭਾਵੇਂ ਉਨ੍ਹਾਂ ਸਿਆਸਤ ਛੱਡ ਦਿੱਤੀ ਸੀ ਪਰ ਉਹ ਹਮੇਸ਼ਾ ਹੀ ਸੁਰਖੀਆਂ ’ਚ ਰਹੇ ਹਨ, ਭਾਵੇਂ ਉਹ ਕੋਲਕਾਤਾ ਹੋਵੇ ਜਾਂ ਨਵੀਂ ਦਿੱਲੀ। ਬੇਸ਼ਕ ਵਿਰੋਧੀ ਧਿਰ ਨੇ ਉਨ੍ਹਾਂ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਹੈ ਪਰ ਤਕਨੀਕੀ ਕਾਰਨਾਂ ਕਰ ਕੇ ਉਹ 2025 ਦੇ ਬਜਟ ਸੈਸ਼ਨ ਦੌਰਾਨ ਹੀ ਪੇਸ਼ ਹੋ ਸਕਦਾ ਹੈ।
ਵਿਵਾਦ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਗਦੀਪ ਧਨਖੜ ਨੇ ਪਿਛਲੇ ਮੰਗਲਵਾਰ ਮੁੰਬਈ ’ਚ ਇਕ ਸਮਾਗਮ ਦੌਰਾਨ ਕੇਂਦਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਨੂੰ ਜਨਤਕ ਤੌਰ ’ਤੇ ਨਿਸ਼ਾਨਾ ਬਣਾਉਂਦੇ ਹੋਏ ਸਿਆਸੀ ਆਬਜ਼ਰਵਰਾਂ ਨੂੰ ਹੈਰਾਨ ਕਰ ਦਿੱਤਾ ਸੀ।
ਧਨਖੜ ਨੇ ਕਿਹਾ ਸੀ ਕਿ ਕਿਸਾਨ ਮੁਸੀਬਤ ’ਚ ਹਨ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੀ ਉਪਜ ਦਾ ਢੁਕਵਾਂ ਮੁੱਲ ਨਹੀਂ ਮਿਲ ਰਿਹਾ । ਉਨ੍ਹਾਂ ਪ੍ਰੋਗਰਾਮ ’ਚ ਮੌਜੂਦ ਚੌਹਾਨ ਨੂੰ ਪੁੱਛਿਆ ਸੀ ਕਿ ਕਿਸਾਨਾਂ ਨੂੰ ਦਿੱਤੇ ਭਰੋਸੇ ਪੂਰੇ ਕਿਉਂ ਨਹੀਂ ਕੀਤੇ ਗਏ? ਇਸ ’ਤੇ ਸ਼ਿਵਰਾਜ ਚੁੱਪ ਰਹੇ।
ਤਿੰਨ ਦਿਨ ਬਾਅਦ ਜਦੋਂ ਕਾਂਗਰਸ ਨੇ ਰਾਜ ਸਭਾ ’ਚ ਸਰਕਾਰ ਕੋਲੋਂ ਪੁੱਛਿਆ ਕਿ ਕੀ ਉਸ ਨੇ ਕਿਸਾਨਾਂ ਦੀ ਮਾੜੀ ਹਾਲਤ ਬਾਰੇ ਉਪ ਰਾਸ਼ਟਰਪਤੀ ਦੀ ਚਿੰਤਾ ਦਾ ਨੋਟਿਸ ਲਿਆ ਹੈ ਤਾਂ ਧਨਖੜ ਚੁੱਪ ਰਹੇ।
ਚੌਹਾਨ ਵੱਲੋਂ ਜਵਾਬ ਦੇਣ ਤੋਂ ਪਹਿਲਾਂ ਹੀ ਧਨਖੜ ਨੇ ਆਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਸਾਹਮਣੇ ਆਪਣੀਆਂ ਉਮੀਦਾਂ ਪ੍ਰਗਟ ਕਰ ਰਹੇ ਹਨ, ਜਿਨ੍ਹਾਂ ਨੇ ਔਰਤਾਂ ਲਈ ਇਕ ਹਰਮਨਪਿਅਾਰੀ ਯੋਜਨਾ ਬਣਾਈ ਹੈ।
ਧਨਖੜ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਜੋ ਵਿਅਕਤੀ ਲਾਡਲੀ (ਬਹਿਨ) ਯੋਜਨਾ ਬਣਾਉਣ ਲਈ ਜਾਣਿਆ ਜਾਂਦਾ ਹੈ, ਉਹ ਕਿਸਾਨਾਂ ਦਾ ਲਾਡਲਾ (ਪੁੱਤਰ) ਬਣ ਜਾਵੇਗਾ। ਮੈਨੂੰ ਬਹੁਤ ਉਮੀਦ ਹੈ। ਮੰਤਰੀ (ਸ਼ਿਵਰਾਜ) ਇਸ ਨੂੰ ਕਰਵਾਉਣਗੇ। ਮੈਂ ਉਨ੍ਹਾਂ ਨੂੰ ‘ਕਿਸਾਨਾਂ ਦੇ ਲਾਡਲੇ’ ਦਾ ਨਾਂ ਦੇ ਰਿਹਾ ਹਾਂ।
ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਧਨਖੜ ਸ਼ਾਇਦ ਇਸ ਮਾਮਲੇ ’ਤੇ ਚੁੱਪ ਹੋ ਗਏ ਹਨ। ਉਨ੍ਹਾਂ ਨੂੰ ਸੱਤਾ ਦੇ ਬਹੁਤ ਕਰੀਬੀ ਤੇ ਸੰਕਟ ਮੋਚਕ ਵਜੋ ਮੰਨਿਆ ਜਾਂਦਾ ਹੈ। ਇਸ ਲਈ ਕੋਈ ਕੁਝ ਨਹੀਂ ਕਹਿ ਰਿਹਾ।
ਹਾਲਾਂਕਿ ਸੱਤਾ ਦੇ ਗਲਿਆਰਿਆਂ ’ਚ ਨਾਰਾਜ਼ਗੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ’ਚ ਚੌਹਾਨ ਦੀ ਰੇਟਿੰਗ ਵਧੀ ਹੈ ਤੇ ਇਨ੍ਹੀਂ ਦਿਨੀਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ ਜਾਂਦਾ ਹੈ।