ਪਿਓ ਨੇ ਜ਼ਿੰਦਗੀ ਦੀ ਕਮਾਈ ਲਾ ਖੋਲ੍ਹ ਕੇ ਦਿੱਤੀ ਅਕੈਡਮੀ, ਮਗਰੋਂ ਧੀ ਹੀ ਮਾਰਨ ਲੱਗੀ ਕਮਾਈ ਖੁਆਉਣ ਦੇ ਤਾਅਨੇ
Saturday, Jul 12, 2025 - 01:52 PM (IST)

ਨੈਸ਼ਨਲ ਡੈਸਕ- ਗੁਰੂਗ੍ਰਾਮ ਵਿੱਚ ਹਰਿਆਣਾ ਦੀ ਟੈਨਿਸ ਖਿਡਾਰੀ ਰਾਧਿਕਾ ਯਾਦਵ ਦੇ ਕਤਲ ਨਾਲ ਪੂਰੇ ਦੇਸ਼ ਨੂੰ ਵੱਡਾ ਸਦਮਾ ਲੱਗਾ ਹੈ। 25 ਸਾਲਾ ਰਾਧਿਕਾ ਦਾ ਬੀਤੇ ਵੀਰਵਾਰ ਉਸ ਦੇ ਹੀ ਪਿਤਾ ਦੀਪਕ ਯਾਦਵ ਵੱਲੋਂ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਰਾਧਿਕਾ ਆਪਣੇ ਘਰ ਦੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ।
ਪੁਲਸ ਅਨੁਸਾਰ ਰਾਧਿਕਾ ਨੂੰ ਕੁੱਲ ਚਾਰ ਗੋਲੀਆਂ ਮਾਰੀ ਗਈਆਂ, ਜਿਨ੍ਹਾਂ ਵਿੱਚੋਂ ਤਿੰਨ ਉਸ ਦੀ ਪਿੱਠ ‘ਚ ਅਤੇ ਇੱਕ ਉਸ ਦੇ ਮੋਢੇ 'ਤੇ ਲੱਗੀ। ਵਾਰਦਾਤ ਦੌਰਾਨ ਵਰਤੀ ਗਈ ਲਾਇਸੰਸੀ ਰਿਵਾਲਵਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਰਾਧਿਕਾ ਦੇ ਕਤਲ ਤੋਂ ਇੱਕ ਦਿਨ ਬਾਅਦ ਉਸ ਦਾ ਅੰਤਿਮ ਸੰਸਕਾਰ ਵਜ਼ੀਰਾਬਾਦ ਵਿਖੇ ਕੀਤਾ ਗਿਆ, ਜਿਸ ‘ਚ ਲਗਭਗ 150 ਲੋਕ ਸ਼ਾਮਲ ਹੋਏ।
ਮੁਲਜ਼ਮ ਦੀਪਕ ਯਾਦਵ ਨੇ ਆਪਣੇ ਜੁਰਮ ਨੂੰ ਕਬੂਲ ਕਰ ਲਿਆ ਹੈ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ 2 ਕਰੋੜ ਰੁਪਏ 'ਚ ਰਾਧਿਕਾ ਨੂੰ ਟੈਨਿਸ ਅਕੈਡਮੀ ਖੋਲ੍ਹ ਕੇ ਦਿੱਤੀ ਸੀ ਤੇ ਉਹ ਹੁਣ ਆਪਣੀ ਬੇਟੀ ਦੀ ਟੈਨਿਸ ਅਕੈਡਮੀ ਤੋਂ ਹੋਣ ਵਾਲੀ ਕਮਾਈ 'ਤੇ ਨਿਰਭਰ ਸੀ। ਧੀ ਦੀ ਕਮਾਈ 'ਤੇ ਨਿਰਭਰ ਹੋਣ ਕਾਰਨ ਰਾਧਿਕਾ ਵੱਲੋਂ ਉਸ ਨੂੰ ਪਰਿਵਾਰ 'ਚ ਤਾਅਨੇ-ਮਿਹਣੇ ਮਾਰੇ ਜਾਣ ਲੱਗੇ, ਜਿਸ ਕਾਰਨ ਉਸ ਨੇ ਰਾਧਿਕਾ ਨੂੰ ਅਕੈਡਮੀ ਬੰਦ ਕਰਨ ਨੂੰ ਕਿਹਾ, ਪਰ ਰਾਧਿਕਾ ਨੇ ਅਕੈਡਮੀ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਗੁੱਸੇ ਵਿੱਚ ਆ ਕੇ ਦੀਪਕ ਨੇ ਰਾਧਿਕਾ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਨਸ਼ਨਾਂ 'ਚ ਤਿੰਨ ਗੁਣਾ ਵਾਧਾ ! CM ਨੇ ਕਰ ਦਿੱਤਾ ਵੱਡਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਰਾਧਿਕਾ ਪਿਛਲੇ ਸਾਲ ਇੱਕ ਮਿਊਜ਼ਿਕ ਵੀਡੀਓ ‘ਚ ਵੀ ਨਜ਼ਰ ਆਈ ਸੀ, ਜਿਸ ਦੇ ਕਾਰਨ ਵੀ ਉਸ ਦੇ ਘਰ ਤਣਾਅ ਬਣਿਆ ਹੋਇਆ ਸੀ। ਪੁਲਸ ਇਸ ਪੱਖ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਧਿਕਾ ਦੀ ਮਾਂ ਘਟਨਾ ਸਮੇਂ ਘਰ ਦੀ ਪਹਿਲੀ ਮੰਜ਼ਿਲ 'ਤੇ ਮੌਜੂਦ ਸੀ, ਪਰ ਉਸ ਦੀ ਭੂਮਿਕਾ ਸਪਸ਼ਟ ਨਹੀਂ ਹੋਈ, ਜਿਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਅਧਿਕਾਰੀਆਂ ਮੁਤਾਬਕ, ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ ਰਾਧਿਕਾ ਦੀ ਮਾਂ ਦੀ ਮੌਜੂਦਗੀ, ਹਥਿਆਰ ਦੀ ਖਰੀਦ, ਟੈਨਿਸ ਅਕੈਡਮੀ ਦਾ ਵਿਰੋਧ ਅਤੇ ਮਿਊਜ਼ਿਕ ਵੀਡੀਓ ਵਾਲਾ ਤਣਾਅ ਵੀ ਸ਼ਾਮਲ ਹਨ। ਫਿਲਹਾਲ ਦੀਪਕ ਯਾਦਵ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ ‘ਚ ਭੇਜਿਆ ਗਿਆ ਹੈ, ਜਿਸ ਦੌਰਾਨ ਗੋਲੀਆਂ ਅਤੇ ਹੋਰ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e