ਡੇਰਾ ਮੁਖੀ ਨੂੰ ਪੈਰੋਲ ਦੀ ਮੰਗ ਸਬੰਧੀ ਹੁਣ ਪਤਨੀ ਨੇ ਦਾਇਰ ਕੀਤੀ ਪਟੀਸ਼ਨ

08/06/2019 11:23:19 AM

ਚੰਡੀਗੜ੍ਹ–ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਡੇਰਾ ਮੁਖੀ ਦੀ ਪਤਨੀ ਹਰਜੀਤ ਕੌਰ ਨੇ ਪਟੀਸ਼ਨ 'ਚ ਦੱਸਿਆ ਕਿ ਉਸਦੀ ਸੱਸ ਨਸੀਬ ਕੌਰ (85) ਬੀਮਾਰ ਹੈ। ਬੀਤੇ ਦਿਨ ਉਸ ਨੂੰ ਹਾਰਟ ਅਟੈਕ ਹੋਇਆ ਸੀ ਪਰ ਉਹ ਇਲਾਜ ਨਹੀਂ ਕਰਵਾ ਰਹੀ। ਕੁਝ ਦਿਨ ਬਾਅਦ ਉਸਦੀ ਐਂਜੀਓਗ੍ਰਾਫੀ ਹੋਣੀ ਹੈ, ਅਜਿਹੇ 'ਚ ਉਸਦੀ ਮੰਗ ਹੈ ਕਿ ਉਸਦਾ ਬੇਟਾ ਉਸ ਦੇ ਕੋਲ ਹੋਵੇ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਡੇਰਾ ਮੁਖੀ ਦੇ ਚੰਗੇ ਆਚਰਣ ਨੂੰ ਵੇਖਦੇ ਹੋਏ ਨਿਯਮਾਂ ਤਹਿਤ ਉਸਨੂੰ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਬੀਮਾਰ ਮਾਂ ਨਾਲ ਕੁਝ ਸਮਾਂ ਬਿਤਾ ਸਕੇ।'

ਦੱਸ ਦੇਈਏ ਕਿ ਸਾਧਵੀਂ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਨੇ ਪਹਿਲਾਂ ਵੀ ਖੇਤੀਬਾੜੀ ਦੇ ਕੰਮ ਲਈ ਪੈਰੋਲ ਦੀ ਗੁਹਾਰ ਲਗਾਈ ਸੀ, ਜੋ ਕਿ ਬਾਅਦ 'ਚ ਰਾਮ ਰਹੀਮ ਵੱਲੋਂ ਆਪਣੀ ਪੈਰੋਲ ਵਾਲੀ ਅਰਜ਼ੀ ਵਾਪਸ ਲਈ ਗਈ ਸੀ। ਇਸ ਤੋਂ ਇਲਾਵਾ ਡੇਰਾ ਮੁਖੀ ਨੇ ਪਹਿਲਾਂ ਵੀ ਆਪਣੀ ਗੋਦ ਲਈ ਧੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਹਾਈਕੋਰਟ ਤੋਂ 4 ਦਿਨ ਦੀ ਪੈਰੋਲ ਮੰਗੀ ਸੀ, ਜਿਸ ਤੇ ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ ਅਤੇ ਅਦਾਲਤ ਨੇ ਪਟੀਸ਼ਨ ਖਾਰਿਜ ਕਰ ਦਿੱਤੀ ਸੀ। 

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ. ਬੀ. ਆਈ. ਕੋਰਟ ਦੁਆਰਾ 25 ਜੁਲਾਈ 2017 ਨੂੰ 2 ਸਾਧਵੀਆਂ ਦੇ ਯੋਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਦੱਸੇ ਗਏ ਸੀ। ਸੀ. ਬੀ. ਆਈ. ਕੋਰਟ ਨੇ 28 ਅਗਸਤ 2017 ਨੂੰ ਦੋਵਾਂ ਮਾਮਲਿਆਂ 'ਚ 10-10 ਸਾਲ ਦੀ ਕੈਦ ਅਤੇ 15-15 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ 'ਚ ਵੀ ਸੀ. ਬੀ. ਆਈ. ਕੋਰਟ ਨੇ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਕੀਤਾ ਸੀ। ਇਸ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
 

 


Iqbalkaur

Content Editor

Related News