ਉਪ ਰਾਜਪਾਲ ਨੇ ਜੈਸਿਕਾ ਲਾਲ ਕਤਲਕਾਂਡ ਦੇ ਦੋਸ਼ੀ ਮਨੂੰ ਸ਼ਰਮਾ ਦੀ ਰਿਹਾਈ ਨੂੰ ਦਿੱਤੀ ਮਨਜ਼ੂਰੀ
Tuesday, Jun 02, 2020 - 06:01 PM (IST)
ਨਵੀਂ ਦਿੱਲੀ- ਦਿੱਲੀ ਦੇ ਉਪ ਰਾਜਪਾਲ ਨੇ ਜੈਸਿਕਾ ਲਾਲ ਕਤਲਕਾਂਡ ਦੇ ਦੋਸ਼ੀ ਮਨੂੰ ਸ਼ਰਮਾ ਨੂੰ ਸਮੇਂ ਤੋਂ ਪਹਿਲਾਂ ਜੇਲ ਤੋਂ ਰਿਹਾਅ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਹ ਇਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਧਿਕਾਰਤ ਆਦੇਸ਼ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਦਿੱਲੀ ਸਰਕਾਰ ਦੇ ਅਧੀਨ ਆਉਣ ਵਾਲੇ ਦਿੱਲੀ ਸਜ਼ਾ ਸਮੀਖਿਆ ਬੋਰਡ (ਐੱਸ.ਆਰ.ਬੀ.) ਨੇ ਪਿਛਲੇ ਮਹੀਨੇ ਮਨੂੰ ਸ਼ਰਮਾ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦਾ ਸੁਝਾਅ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਪ੍ਰਧਾਨਗੀ 'ਚ 11 ਮਈ ਨੂੰ ਹੋਈ ਐੱਸ.ਆਰ.ਬੀ. ਦੀ ਬੈਠਕ 'ਚ ਇਹ ਸਿਫ਼ਾਰਿਸ਼ ਕੀਤੀ ਗਈ ਸੀ। ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਬੇਟੇ ਮਨੂੰ ਸ਼ਰਮਾ ਨੂੰ ਜੈਸਿਕਾ ਲਾਲ ਦੇ ਕਤਲ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਦਸੰਬਰ 2006 'ਚ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਹੇਠਲੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਉਸ ਦੇ ਆਦੇਸ਼ ਨੂੰ ਪਲਟ ਦਿੱਤਾ, ਜਿਸ ਨੂੰ ਅਪ੍ਰੈਲ 2010 'ਚ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ। ਦੱਖਣੀ ਦਿੱਲੀ ਦੇ ਮੇਹਰੌਲੀ ਇਲਾਕੇ 'ਚ ਕੁਤੁਬ ਕੋਲੋਨੇਡ 'ਚ ਸੋਸ਼ਲਾਈਟ ਬੀਨਾ ਰਮਾਨੀ ਦੇ 'ਟੈਮਰਿੰਡ ਕੋਰਟ' ਰੈਸਟੋਰੈਂਟ 'ਚ 30 ਅਪ੍ਰੈਲ 1999 ਨੂੰ ਉਸ ਨੇ ਜੈਸਿਕਾ ਲਾਲ ਦੀ ਸਿਰਫ਼ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਕਿਉਂਕਿ ਉਸ ਨੇ ਸ਼ਰਾਬ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ।