ਦਿਸ਼ਾ ਰਵੀ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਦਿੱਲੀ ਮਹਿਲਾ ਕਮਿਸ਼ਨ ਨੇ ਪੁਲਸ ਨੂੰ ਭੇਜਿਆ ਨੋਟਿਸ

02/16/2021 3:56:56 PM

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਸ ਨੂੰ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਦਿਸ਼ਾ ਨੂੰ ਕਿਸਾਨ ਅੰਦੋਲਨ ਨਾਲ ਜੁੜੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿਸ਼ਾ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਪਸੰਦ ਦਾ ਵਕੀਲ ਮੁਹੱਈਆ ਨਹੀਂ ਕਰਵਾਇਆ ਗਿਆ। ਨਾਲ ਹੀ ਕੁਝ ਰਿਪੋਰਟਾਂ ਮੁਤਾਬਕ ਗ੍ਰਿਫਤਾਰੀ  ਦੌਰਾਨ ਕਾਨੂੰਨੀ ਪ੍ਰਕਿਰਿਆਵਾਂ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਗਿਆ ਹੈ। ਅਸੀਂ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਹੈ।

ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ

ਪੁਲਸ ਮਾਮਲੇ ਦੀ ਜਾਂਚ ਕਰੇ ਪਰ ਜੇਕਰ ਇਹ ਗ੍ਰਿਫਤਾਰੀ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਕਰ ਕੇ ਹੋਈ ਤਾਂ ਇਹ ਬਹੁਤ ਹੀ ਬਦਕਿਸਮਤੀ ਹੈ। ਕਮਿਸ਼ਨ ਨੇ ਨੋਟਿਸ ਵਿਚ ਦਿੱਲੀ ਪੁਲਸ ਤੋਂ ਦਿਸ਼ਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਮੰਗੀ ਹੈ। ਕਮਿਸ਼ਨ ਨੇ ਪੁੱਛਿਆ ਕਿ ਕੀ ਦਿਸ਼ਾ ਦੀ ਗ੍ਰਿਫਤਾਰੀ ਦੌਰਾਨ ਤੈਅ ਪ੍ਰਕਿਰਿਆਵਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ? ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਦਿਸ਼ਾ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਪਸੰਦ ਦਾ ਵਕੀਲ ਵੀ ਨਹੀਂ ਮੁਹੱਈਆ ਕਰਵਾਇਆ ਗਿਆ ਸੀ। ਦਿਸ਼ਾ ਨੂੰ ਜਾਣਨ ਵਾਲੇ ਕਈ ਸਮਾਜਿਕ ਵਰਕਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗ੍ਰਿਫਤਾਰੀ ਦੌਰਾਨ ਉਸ ਤੇ ਮਾਪਿਆਂ ਨੂੰ ਵੀ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਸ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 22(1) ਹਰ ਵਿਅਕਤੀ ਨੂੰ ਗ੍ਰਿਫਤਾਰੀ ਤੋਂ ਬਾਅਦ ਪਸੰਦ ਦੇ ਵਕੀਲ ਵਲੋਂ ਕਾਨੂੰਨੀ ਨੁਮਾਇੰਦਗੀ ਕਰਨ ਦਾ ਅਧਿਕਾਰ ਦਿੰਦਾ ਹੈ। ਕਮਿਸ਼ਨ ਨੇ ਪੁਲਸ ਤੋਂ ਮਾਮਲੇ ਵਿਚ ਹੁਣ ਤੱਕ ਦੀ ਕਾਰਵਾਈ ਦੀ ਜਾਣਕਾਰੀ ਮੰਗੀ ਹੈ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ

ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਦਿਸ਼ਾ ਰਵੀ ਨਾਲ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਟੂਲਕਿੱਟ ਬਣਾਈ ਸੀ। ਇਸ ਦੇ ਜ਼ਰੀਏ ਭਾਰਤ ਦੇ ਅਕਸ ਨੂੰ ਵਿਗਾੜਨ ਲਈ ਉਸ ਨੂੰ ਹੋਰ ਲੋਕਾਂ ਨਾਲ ਸਾਂਝਾ ਕੀਤਾ ਗਿਆ ਸੀ। ਪੁਲਸ ਨੇ ਦਾਅਵਾ ਕੀਤਾ ਕਿ ਬੈਂਗਲੁਰੂ ਤੋਂ ਗ੍ਰਿਫਤਾਰ ਕੀਤੀ ਗਈ ਦਿਸ਼ਾ ਰਵੀ ਨੇ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੂੰ ਟੈਲੀਗ੍ਰਾਮ ਜ਼ਰੀਏ ਟੂਲਕਿੱਟ ਭੇਜੀ ਸੀ। ਦਰਅਸਲ ਟੂਲਕਿੱਟ ਵਿਚ ਟਵਿੱਟਰ ਜ਼ਰੀਏ ਕਿਸੇ ਮੁਹਿੰਮ ਨੂੰ ਟਰੈਂਡ ਕਰਾਉਣ ਨਾਲ ਸੰਬੰਧਤ ਦਿਸ਼ਾ-ਨਿਰਦੇਸ਼ ਅਤੇ ਸਮੱਗਰੀ ਹੁੰਦੀ ਹੈ। ਦਿੱਲੀ ਪੁਲਸ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਨਾਲ ਜੁੜੀ ਟੂਲਕਿੱਟ ਬਣਾਉਣ ਨੂੰ ਲੈ ਕੇ ਨਿਕਿਤਾ ਅਤੇ ਸ਼ਾਂਤਨੂੰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ :ਅਨਿਲ ਵਿੱਜ ਦੇ ਅਕਾਉਂਟ 'ਤੇ ਟਵਿੱਟਰ ਨਹੀਂ ਕਰੇਗਾ ਕੋਈ ਕਾਰਵਾਈ, ਦਿਸ਼ਾ ਰਵੀ ਨੂੰ ਲੈ ਕੇ ਕੀਤਾ ਸੀ ਇਹ ਟਵੀਟ

 


Tanu

Content Editor

Related News