ਦਿੱਲੀ: ਬੱਚਿਆਂ ਦੀ ਲੜਾਈ ’ਚ ਦੋ ਭਾਈਚਾਰੇ ਵਿਚਾਲੇ ਝੜਪ, 3 ਗ੍ਰਿਫਤਾਰ, 37 ਹਿਰਾਸਤ ’ਚ

05/05/2022 1:42:21 PM

ਨਵੀਂ ਦਿੱਲੀ- ਦਿੱਲੀ ਦੇ ਵੈਲਕਮ ਇਲਾਕੇ ’ਚ ਇਕ ਪਾਰਕ ’ਚ ਖੇਡ ਰਹੇ ਬੱਚਿਆਂ ਦਰਮਿਆਨ ਝਗੜੇ ਤੋਂ ਬਾਅਦ ਦੋ ਭਾਈਚਾਰੇ ’ਚ ਝੜਪ ਹੋ ਗਈ। ਨੌਬਤ ਪੱਥਰਬਾਜ਼ੀ ਤੱਕ ਪਹੁੰਚ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਿਲਸਿਲੇ ’ਚ 37 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ 3 ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਵੇਰੇ 9 ਵਜ ਕੇ 50 ਮਿੰਟ ’ਤੇ ਪੁਲਸ ਨੂੰ ਵੈਲਕਮ ਪੁਲਸ ਥਾਣੇ ਅਧੀਨ ਖੇਤਰ ’ਚ ਫੋਟੋ ਚੌਕ ਨੇੜੇ ਝਗੜੇ ਦੀ ਸੂਚਨਾ ਮਿਲੀ। 

ਅਧਿਕਾਰੀਆਂ ਨੇ ਕਿਹਾ ਕਿ ਪੁਲਸ ਮੌਕੇ ’ਤੇ ਪਹੁੰਚੀ ਅਤੇ ਵਧੇਰੇ ਫੋਰਸ ਤਾਇਨਾਤ ਕੀਤੀ ਗਈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਵੈਲਕਮ ਦੇ ਐਕਸ ਅਤੇ ਵਾਈ ਬਲਾਕ ਦੇ ਪਾਰਕ ’ਚ ਬੱਚਿਆਂ ਦਰਮਿਆਨ ਝਗੜਾ ਹੋਇਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਵਾਦ ਇੰਨਾ ਵੱਧ ਗਿਆ ਕਿ ਇਸ ਨੇ ਦੋ ਭਾਈਚਾਰੇ ਵਿਚਾਲੇ ਝਗੜੇ ਦਾ ਰੂਪ ਲੈ ਲਿਆ। 

ਪਾਰਕ ’ਚ ਹੋਰ ਲੋਕਾਂ ਦੇ ਇਕੱਠੇ ਹੋਣ ਮਗਰੋਂ ਸਥਾਨਕ ਲੋਕਾਂ ਨੇ ਫਿਰਕੂ ਹਿੰਸਾ ਦੇ ਡਰ ਤੋਂ ਪੁਲਸ ਨੂੰ ਸੂਚਨਾ ਦਿੱਤੀ ਸੀ। ਪੁਲਸ ਨੇ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ ਅਤੇ ਸੀ. ਆਰ. ਪੀ. ਐੱਫ. ਦੀ ਧਾਰਾ-108 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ ਨਾਗਰਿਕ ਭਾਈਚਾਰਾ ਕਮੇਟੀ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ।


Tanu

Content Editor

Related News