ਦਿੱਲੀ ਹਿੰਸਾ : ਪੁਲਸ ਦੇ ਰਾਡਾਰ ''ਤੇ ਤਾਹਿਰ ਹੁਸੈਨ ਦੇ 4 ਮਦਦਗਾਰ, ਹੋਵੇਗੀ ਪੁੱਛ-ਗਿੱਛ

Saturday, Mar 07, 2020 - 10:34 AM (IST)

ਦਿੱਲੀ ਹਿੰਸਾ : ਪੁਲਸ ਦੇ ਰਾਡਾਰ ''ਤੇ ਤਾਹਿਰ ਹੁਸੈਨ ਦੇ 4 ਮਦਦਗਾਰ, ਹੋਵੇਗੀ ਪੁੱਛ-ਗਿੱਛ

ਨਵੀਂ ਦਿੱਲੀ— ਦਿੱਲੀ ਹਿੰਸਾ ਦੇ ਮਾਮਲੇ 'ਚ ਤਾਹਿਰ ਹੁਸੈਨ ਨੂੰ ਸ਼ੁੱਕਰਵਾਰ ਨੂੰ ਕੜਕੜਡੂਮਾ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਵਿਚ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਦਾ ਕਹਿਣਾ ਹੈ ਕਿ ਮੁਸਤਫਾਬਾਦ 'ਚ ਚਾਰ ਲੋਕਾਂ ਨੇ ਤਾਹਿਰ ਹੁਸੈਨ ਦੀ ਮਦਦ ਕੀਤੀ ਸੀ।
ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਦੋਂ ਗ੍ਰਿਫਤਾਰੀ ਲਈ ਛਾਪੇਮਾਰੀ ਹੋਣ ਲੱਗੀ ਤਾਂ ਉਹ ਮੁਸਤਫਾਬਾਦ ਤੋਂ ਨਿਕਲ ਗਿਆ ਅਤੇ ਜਾਕਿਰ ਨਗਰ 'ਚ ਆਪਣੇ ਕਿਸੇ ਜਾਣਕਾਰ ਦੇ ਇੱਥੇ ਰਿਹਾ। ਕ੍ਰਾਈਮ ਬਰਾਂਚ ਦੀ ਰਾਡਾਰ 'ਤੇ ਹੁਣ ਇਹ ਚਾਰੇ ਲੋਕ ਹਨ, ਜਿਨ੍ਹਾਂ ਨੇ ਤਾਹਿਰ ਹੁਸੈਨ ਦੀ ਮਦਦ ਕੀਤੀ ਸੀ। ਸੂਤਰਾਂ ਅਨੁਸਾਰ ਇਨ੍ਹਾਂ ਚਾਰੇ ਲੋਕਾਂ ਨੂੰ ਜਲਦ ਹੀ ਪੁੱਛ-ਗਿੱਛ ਲਈ ਬੁਲਾਇਆ ਜਾਵੇਗਾ।

ਤਾਹਿਰ ਹੁਸੈਨ ਦੇ ਕਾਲ ਰਿਕਾਰਡ 'ਚ ਪਤਾ ਲੱਗਾ ਕਿ ਉਹ 24 ਅਤੇ 27 ਫਰਵਰੀ ਤੱਕ ਮੁਸਤਫਾਬਾਦ ਕੋਲ ਹੀ ਸੀ। ਚਾਂਦ ਬਾਗ ਵੀ ਮੁਸਤਫਾਬਾਦ 'ਚ ਪੈਂਦਾ ਹੈ। ਤਾਹਿਰ ਦਾ ਦਾਅਵਾ ਹੈ ਕਿ ਹਿੰਸਾ ਦੌਰਾਨ ਅਤੇ ਬਾਅਦ 'ਚ ਉਹ ਆਪਣੀ ਬਿਲਡਿੰਗ ਜਾਂ ਬਿਲਡਿੰਗ ਦੇ ਨੇੜੇ-ਤੇੜੇ ਦੀਆਂ ਗਲੀਆਂ ਅਤੇ ਇਲਾਕਿਆਂ 'ਚ ਰਿਹਾ। 27 ਫਰਵਰੀ ਤੋਂ ਬਾਅਦ ਉਸ ਦੀ ਲੋਕੇਸ਼ਨ ਦਿੱਲੀ ਦੇ ਜਾਕਿਰ ਨਗਰ 'ਚ ਮਿਲੀ ਸੀ, ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਸੀ। ਕ੍ਰਾਈਮ ਬਰਾਂਚ ਨੂੰ ਹੁਣ ਵੀ ਤਾਹਿਰ ਦੇ ਮੋਬਾਇਲ ਫੋਨ ਦੀ ਤਲਾਸ਼ ਹੈ। ਤਾਹਿਰ ਦਾ ਮੋਬਾਇਲ ਫੋਨ ਬਰਾਮਦ ਨਹੀਂ ਹੋਇਆ ਹੈ। ਤਾਹਿਰ ਹੁਸੈਨ 'ਤੇ ਉੱਤਰ-ਪੂਰਬੀ ਦਿੱਲੀ 'ਚ 24 ਫਰਵਰੀ ਨੂੰ ਹੋਈ ਹਿੰਸਾ ਦੌਰਾਨ ਆਈ.ਬੀ. ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਦਾ ਦੋਸ਼ ਹੈ।


author

DIsha

Content Editor

Related News