ਦਿੱਲੀ ਹਿੰਸਾ : ਦਖਲਅੰਦਾਜ਼ੀ ਪਟੀਸ਼ਨ ''ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

Tuesday, Feb 25, 2020 - 01:36 PM (IST)

ਦਿੱਲੀ ਹਿੰਸਾ : ਦਖਲਅੰਦਾਜ਼ੀ ਪਟੀਸ਼ਨ ''ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ— ਸੁਪਰੀਮ ਕੋਰਟ ਉੱਤਰ-ਪੂਰਬੀ ਦਿੱਲੀ 'ਚ ਭੜਕੀ ਹਿੰਸਾ ਦੇ ਮੱਦੇਨਜ਼ਰ ਪੁਲਸ ਕਾਰਵਾਈ ਅਤੇ ਸੁਰੱਖਿਆ ਉਪਾਵਾਂ ਲਈ ਦਿਸ਼ਾ-ਨਿਰਦੇਸ਼ ਮੰਗਣ ਸੰਬੰਧੀ ਦਖਲਅੰਦਾਜ਼ੀ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ। ਵਕੀਲ ਮਹਿਮੂਦ ਪ੍ਰਾਚਾ ਨੇ ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਆਜ਼ਾਦ, ਸਾਬਕਾ ਸੀ.ਆਈ.ਸੀ. ਵਜਾਹਤ ਹਬੀਬੁੱਲਾਹ ਅਤੇ ਸ਼ਾਹੀਨ ਬਾਗ ਵਾਸੀ ਬਹਾਦੁਰ ਅੱਬਾਸ ਨਕਵੀ ਵਲੋਂ ਦਾਇਰ ਪਟੀਸ਼ਨ ਦਾ ਵਿਸ਼ੇਸ਼ ਜ਼ਿਕਰ ਮੰਗਲਵਾਰ ਨੂੰ ਜੱਜ ਕਿਸ਼ਨ ਕੌਲ ਅਤੇ ਜੱਜ ਕੇ.ਐੱਮ. ਜੋਸੇਫ ਦੇ ਸਾਹਮਣੇ ਕੀਤਾ ਗਿਆ। ਵਕੀਲ ਅਮਿਤ ਸਾਹਨੀ ਵਲੋਂ ਦਾਇਰ ਪੈਂਡਿੰਗ ਰਿਟ ਪਟੀਸ਼ਨ 'ਚ ਹੀ ਇਸ ਦਖਲਅੰਦਾਜ਼ੀ ਪਟੀਸ਼ਨ ਨੂੰ ਦਾਖ ਕੀਤਾ ਗਿਆ ਹੈ, ਜਿਸ 'ਚ ਸ਼ਾਹੀਨ ਬਾਗ ਦੇ ਵਿਰੋਧ ਕਾਰਨ ਸੜਕ ਨਾਕੇਬੰਦੀ ਖੋਲ੍ਹਣ ਦੀ ਮੰਗ ਕੀਤੀ ਗਈ ਹੈ।

ਪਟੀਸ਼ਨਕਰਤਾਵਾਂ ਅਨੁਸਾਰ, ਸੋਮਵਾਰ ਨੂੰ ਜੋ ਹਿੰਸਾ ਭੜਕੀ, ਉਹ ਭਾਜਪਾ ਨੇਤਾ ਕਪਿਲ ਮਿਸ਼ਰਾ ਵਲੋਂ ਦਿੱਤੇ ਗਏ ਭੜਕਾਊ ਬਿਆਨਾਂ ਦਾ ਨਤੀਜਾ ਸੀ। ਦੋਸ਼ ਹੈ ਕਿ ਉੱਤਰ ਪ੍ਰਦੇਸ਼ ਦੇ ਨੇੜਲੇ ਪਿੰਡਾਂ ਤੋਂ ਸ਼ਰਾਰਤੀ ਅਨਸਰ ਬੱਸਾਂ ਅਤੇ ਟਰੱਕਾਂ 'ਚ ਦਿੱਲੀ 'ਚ ਦਾਖਲ ਹੋਏ ਹਨ ਅਤੇ ਦਿੱਲੀ ਦੇ ਵਾਸੀਆਂ ਅਤੇ ਸ਼ਾਂਤੀਪੂਰਨ ਪ੍ਰਦਰਸ਼ਨਾਂ 'ਤੇ ਹਮਲਾ ਕਰ ਰਹੇ ਹਨ। ਇਹ ਦੋਸ਼ ਲਗਾਇਆ ਗਿਆ ਹੈ ਕਿ ਪੁਲਸ ਹਮਲੇ 'ਚ ਜ਼ਖਮੀ ਹੋਏ ਲੋਕਾਂ ਵਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਨ 'ਚ ਅਸਫ਼ਲ ਰਹੀ। ਦਖਲਅੰਦਾਜ਼ੀ ਪਟੀਸ਼ਨ 'ਚ ਪੁਲਸ ਨੂੰ ਉਨ੍ਹਾਂ ਸ਼ਿਕਾਇਤਾਂ 'ਤੇ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ, ਜੋ 23 ਫਰਵਰੀ ਦੀ ਸ਼ਾਮ ਨੂੰ ਸ਼ੁਰੂ ਹੋਏ ਹਮਲਿਆਂ ਦੇ ਸੰਬੰਧ 'ਚ ਦਰਜ ਕਰਵਾਈਆਂ ਗਈਆਂ ਹਨ ਅਤੇ ਜੋ 24 ਫਰਵਰੀ ਦੇ ਪੂਰੇ ਦਿਨ 'ਚ ਵਧੀਆਂ ਹਨ। ਦਖਲਅੰਦਾਜ਼ੀ ਪਟੀਸ਼ਨ 'ਚ ਦਿੱਲੀ ਦੇ ਸ਼ਾਹੀਨ ਬਾਗ ਅਤੇ ਹੋਰ ਥਾਂਵਾਂ 'ਤੇ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਪੂਰੀ ਸੁਰੱਖਿਆ ਪ੍ਰਦਾਨ ਕੀਤੇ ਜਾਣ ਦੇ ਨਿਰਦੇਸ਼ ਵੀ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ 'ਚ ਮੌਜਪੁਰ-ਬਾਬਰਪੁਰ-ਜਾਫਰਾਬਾਦ ਇਲਾਕਿਆਂ 'ਚ ਭੜਕੀ ਹਿੰਸਾ 'ਚ ਇਕ ਪੁਲਸ ਕਰਮਚਾਰੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ।


author

DIsha

Content Editor

Related News