ਦਿੱਲੀ ਹਿੰਸਾ ਦੌਰਾਨ ਕਈ ਜਾਨਾਂ ਬਚਾਉਣ ਵਾਲੇ ਪਿਓ-ਪੁੱਤ ਨੂੰ ਔਜਲਾ ਨੇ ਕੀਤਾ ਸਨਮਾਨਤ

03/07/2020 5:36:54 PM

ਨਵੀਂ ਦਿੱਲੀ— ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡੀ ਸੇਵਾ ਮੰਨਿਆ ਜਾਂਦਾ ਹੈ। ਮਨੁੱਖਤਾ ਦੀ ਸੇਵਾ ਨਿਭਾਉਣ 'ਚ ਸਰਦਾਰ ਮੋਹਰੀ ਰਹਿੰਦੇ ਹਨ। ਕੁਝ ਅਜਿਹੇ ਹੀ ਨੇ ਪਿਓ-ਪੁੱਤ ਮੋਹਿੰਦਰ ਸਿੰਘ ਅਤੇ ਇੰਦਰਜੀਤ ਸਿੰਘ, ਜਿਨ੍ਹਾਂ ਨੇ ਦਿੱਲੀ ਹਿੰਸਾ ਦੌਰਾਨ ਕਈ ਜਾਨਾਂ ਬਚਾਈਆਂ ਅਤੇ ਉਨ੍ਹਾਂ ਨੂੰ ਬਕਾਇਦਾ ਸਨਮਾਨਤ ਵੀ ਕੀਤਾ ਗਿਆ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਹਿੰਸਾ ਦੌਰਾਨ ਲੋਕਾਂ ਦੀਆਂ ਜਾਨਾਂ ਬਚਾ ਕੇ ਮਨੁੱਖਤਾ ਦੀ ਮਿਸਾਲ ਪੈਦਾ ਕਰਨ ਵਾਲੇ ਮੋਹਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਇੰਦਰਜੀਤ ਨੂੰ ਸਨਮਾਨਤ ਕੀਤਾ ਗਿਆ। 

ਦਿੱਲੀ ਦੇ ਗੋਕਲਪੁਰੀ ਵਾਸੀ ਮਹਿੰਦਰ ਸਿੰਘ ਦੇ ਘਰ ਪੁੱਜੇ ਔਜਲਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀ ਡਿਊਟੀ ਲਾਈ ਗਈ ਸੀ ਕਿ ਮਨੁੱਖਤਾ ਦੀ ਮਿਸਾਲ ਕਾਇਮ ਕਰਨ ਵਾਲੇ ਮਹਿੰਦਰ ਸਿੰਘ ਨੂੰ ਸਨਮਾਨਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਖੁਦ ਨੂੰ ਮਾਣ ਨਾਲ ਭਰਿਆ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਮਹਿੰਦਰ ਸਿੰਘ ਨੂੰ ਸਨਮਾਨਤ ਕੀਤਾ ਹੈ। ਉਨ੍ਹਾਂ ਵਲੋਂ ਧਰਮ ਜਾਤ ਤੋਂ ਉੱਪਰ ਉਠ ਕੇ ਉਨ੍ਹਾਂ ਵਲੋਂ ਨਿਭਾਈ ਸੇਵਾ ਕਾਰਨ ਸਿੱਖੀ ਤੇ ਪੰਜਾਬ ਤੇ ਖਾਸ ਕਰਕੇ ਮਨੁੱਖਤਾ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ ਹੈ।

ਦੱਸਣਯੋਗ ਹੈ ਕਿ ਬੀਤੀ ਫਰਵਰੀ 2020 ਨੂੰ ਉੱਤਰੀ-ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ 'ਚ ਜਦੋਂ ਦੰਗੇ ਭੜਕੇ ਸਨ ਤਾਂ ਉਸ ਸਮੇਂ ਮੋਹਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਇੰਦਰਜੀਤ ਸਿੰਘ ਨੇ ਕਈ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਸੀ। ਇਸ ਇਲਾਕੇ ਵਿਚ ਮੋਹਿੰਦਰ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਇੰਦਰਜੀਤ ਸਿੰਘ ਮੋਬਾਇਲ ਦੀ ਦੁਕਾਨ ਚਲਾਉਂਦੇ ਹਨ। ਮੋਹਿੰਦਰ ਸਿੰਘ ਨੇ ਦੱਸਿਆ ਸੀ ਕਿ ਦਿੱਲੀ 'ਚ ਜੋ ਵਾਪਰਿਆ, ਉਸ ਨਾਲ ਉਨ੍ਹਾਂ ਦੀਆਂ 1984 ਦੇ ਸਿੱਖ ਕਤਲੇਆਮ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। 1984 ਦੇ ਸਮੇਂ ਸਾਨੂੰ ਵੀ ਸਮਾਜ ਦੇ ਕੁਝ ਲੋਕਾਂ ਨੇ ਬਚਾਇਆ ਸੀ। ਉਸ ਸਮੇਂ ਦਾ ਸਮਾਜ ਦਾ ਕਰਜ਼ਾ ਸਾਡੇ 'ਤੇ ਸੀ। ਪਰਮਾਤਮਾ ਨੇ ਸਾਨੂੰ ਉਸ ਕਰਜ਼ੇ ਨੂੰ ਵਿਆਜ਼ ਸਮੇਤ ਮੋੜਨ ਦਾ ਮੌਕਾ ਦਿੱਤਾ। ਇੱਥੇ ਦਸ ਦੇਈਏ ਕਿ ਇਨ੍ਹਾਂ ਦੰਗਿਆਂ 'ਚ 40 ਤੋਂ ਵਧੇਰੇ ਲੋਕਾਂ ਦੀਆਂ ਮੌਤਾਂ ਹੋਈਆਂ ਹਨ।


Tanu

Content Editor

Related News