ਦਿੱਲੀ 'ਚ 'ਸਪਾਈਡਰ ਮੈਨ' ਦਾ ਕੱਟਿਆ ਚਾਲਾਨ, ਟ੍ਰੈਫਿਕ ਪੁਲਸ ਨੇ ਠੋਕਿਆ 26 ਹਜ਼ਾਰ ਦਾ ਜੁਰਮਾਨਾ

Wednesday, Jul 24, 2024 - 05:49 PM (IST)

ਦਿੱਲੀ 'ਚ 'ਸਪਾਈਡਰ ਮੈਨ' ਦਾ ਕੱਟਿਆ ਚਾਲਾਨ, ਟ੍ਰੈਫਿਕ ਪੁਲਸ ਨੇ ਠੋਕਿਆ 26 ਹਜ਼ਾਰ ਦਾ ਜੁਰਮਾਨਾ

ਨੈਸ਼ਨਲ ਡੈਸਕ : ਦਿੱਲੀ ਦੇ ਦਵਾਰਕਾ ਵਿੱਚ ਸਪਾਈਡਰ ਮੈਨ ਦੇ ਕੱਪੜੇ ਪਹਿਨੇ ਇੱਕ ਨੌਜਵਾਨ ਸਕਾਰਪੀਓ ਦੇ ਬੋਨਟ ਉੱਤੇ ਬੈਠਾ ਘੁੰਮਦਾ ਦੇਖਿਆ ਗਿਆ। ਇਸ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਸ਼ਿਕਾਇਤ ਮਿਲਣ 'ਤੇ ਦਿੱਲੀ ਟ੍ਰੈਫਿਕ ਪੁਲਸ ਨੇ ਇਸ 'ਤੇ ਤੁਰੰਤ ਕਾਰਵਾਈ ਕੀਤੀ। ਟ੍ਰੈਫਿਕ ਪੁਲਸ ਦੀ ਟੀਮ ਨੇ ਉਸ ਸਕਾਰਪੀਓ ਨੂੰ ਲੱਭ ਲਿਆ।

ਦੁਆਰਕਾ ਦੇ ਰਾਮਪਾਲ ਚੌਕ ਤੋਂ ਸਪਾਈਡਰ ਮੈਨ ਦੀ ਪੋਸ਼ਾਕ ਪਹਿਨੇ ਇਕ ਵਿਅਕਤੀ ਨੂੰ ਫੜਿਆ ਗਿਆ। ਸਪਾਈਡਰਮੈਨ ਬਣੇ ਨੌਜਵਾਨ ਦੀ ਪਛਾਣ ਨਜਫਗੜ੍ਹ ਦੇ ਰਹਿਣ ਵਾਲੇ ਆਦਿਤਿਆ ਵਜੋਂ ਹੋਈ ਹੈ। ਉਸਦੀ ਉਮਰ 20 ਸਾਲ ਹੈ। ਉਸ ਦੇ ਪਿਤਾ ਦਾ ਨਾਂ ਰੋਹਿਤ ਹੈ। ਸਕਾਰਪੀਓ ਗੱਡੀ ਚਲਾ ਰਹੇ ਨੌਜਵਾਨ ਦੀ ਪਛਾਣ ਗੌਰਵ ਸਿੰਘ ਪਿਤਾ ਦਿਨੇਸ਼ ਕੁਮਾਰ ਵਜੋਂ ਹੋਈ ਹੈ। ਉਹ ਮਹਾਵੀਰ ਐਨਕਲੇਵ ਵਿੱਚ ਰਹਿੰਦਾ ਹੈ। ਗੌਰਵ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ।

ਟਰੈਫਿਕ ਪੁਲਸ ਨੇ ਕੀਤਾ 26 ਹਜ਼ਾਰ ਰੁਪਏ ਜੁਰਮਾਨਾ
ਟ੍ਰੈਫਿਕ ਪੁਲਸ ਨੇ ਖਤਰਨਾਕ ਡਰਾਈਵਿੰਗ, ਸੀਟ ਬੈਲਟ ਨਾ ਲਗਾਉਣ ਅਤੇ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ 'ਤੇ ਵਾਹਨ ਦੇ ਮਾਲਕ ਅਤੇ ਡਰਾਈਵਰ ਨੂੰ 26,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਲੜਕਿਆਂ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ।

ਸੜਕ 'ਤੇ ਅਜਿਹੀ ਲਾਪਰਵਾਹੀ ਨਹੀਂ ਹੋਵੇਗੀ ਬਰਦਾਸ਼ਤ
ਦਿੱਲੀ ਟ੍ਰੈਫਿਕ ਪੁਲਿਸ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਤਹਿਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ। ਇਸ ਤਹਿਤ ਸੜਕਾਂ 'ਤੇ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਦੀ ਜਾਨ ਖਤਰੇ 'ਚ ਪਵੇ। ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਖਤਰਨਾਕ ਡਰਾਈਵਿੰਗ ਕਰਨ ਵਾਲਿਆਂ ਦੀ ਤੁਰੰਤ ਸੂਚਨਾ ਦੇਣ। ਸ਼ਹਿਰ ਵਿੱਚ ਸੜਕ ਸੁਰੱਖਿਆ ਅਤੇ ਸੁਚਾਰੂ ਟ੍ਰੈਫਿਕ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਅਜਿਹੇ ਮਾੜੇ ਕੰਮਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਅਤੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ।


author

Baljit Singh

Content Editor

Related News