ਦਿੱਲੀ ''ਚ 2 ਫਿਰਕਿਆਂ ''ਚ ਝੜਪ, ਮੰਦਰ ''ਚ ਭੰਨ-ਤੋੜ

Tuesday, Jul 02, 2019 - 11:39 AM (IST)

ਦਿੱਲੀ ''ਚ 2 ਫਿਰਕਿਆਂ ''ਚ ਝੜਪ, ਮੰਦਰ ''ਚ ਭੰਨ-ਤੋੜ

ਨਵੀਂ ਦਿੱਲੀ— ਮੱਧ ਦਿੱਲੀ ਦੇ ਹੌਜ ਕਾਜੀ ਖੇਤਰ 'ਚ ਇਕ ਪਾਰਕਿੰਗ ਮੁੱਦੇ ਨੂੰ ਲੈ ਕੇ 2 ਫਿਰਕਿਆਂ 'ਚ ਝੜਪ ਤੋਂ ਬਾਅਦ ਤਣਾਅ ਪੈਦਾ ਹੋ ਗਿਆ, ਉਸ ਤੋਂ ਬਾਅਦ ਇਕ ਮੰਦਰ ਵਿਚ ਭੰਨ-ਤੋੜ ਕਰ ਦਿੱਤੀ ਗਈ। ਪੁਲਸ ਡਿਪਟੀ ਕਮਿਸ਼ਨਰ (ਮੱਧ) ਮਨਦੀਪ ਸਿੰਘ ਰੰਧਾਵਾ ਨੇ ਟਵੀਟ ਕਰ ਕੇ ਲੋਕਾਂ ਤੋਂ ਖੇਤਰ 'ਚ ਆਮ ਸਥਿਤੀ ਬਹਾਲ ਕਰਨ 'ਚ ਮਦਦ ਕਰਨ ਦੀ ਅਪੀਲ ਕੀਤੀ। ਡੀ.ਸੀ.ਪੀ. ਨੇ ਟਵੀਟ ਕੀਤਾ,''ਹੌਜ ਕਾਜੀ 'ਚ ਇਕ ਪਾਰਕਿੰਗ ਮੁੱਦੇ ਨੂੰ ਲੈ ਕੇ ਕੁਝ ਵਿਵਾਦ ਅਤੇ ਝਗੜੇ ਤੋਂ ਬਾਅਦ ਵੱਖ-ਵੱਖ ਫਿਰਕਿਆਂ ਦੇ ਲੋਕਾਂ ਦੇ 2 ਸਮੂਹਾਂ ਦਰਮਿਆਨ ਤਣਾਅ ਪੈਦਾ ਹੋ ਗਿਆ। ਅਸੀਂ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਸ਼ਾਂਤੀ ਬਣਾਏ ਰੱਖਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਤੋਂ ਆਮ ਸਥਿਤੀ ਬਹਾਲੀ 'ਚ ਮਦਦ ਦੀ ਅਪੀਲ ਕੀਤੀ ਗਈ ਹੈ।'

ਪੁਲਸ ਨੇ ਦੱਸਿਆ ਕਿ ਇਕ ਵੀਡੀਓ ਆਨਲਾਈਨ ਸਾਹਮਣੇ ਆਇਆ ਸੀ, ਜਿਸ 'ਚ ਇਕ ਵਿਅਕਤੀ ਦੀ ਪਾਰਕਿੰਗ ਮੁੱਦੇ ਨੂੰ ਲੈ ਕੇ ਕੁਝ ਲੋਕਾਂ ਵਲੋਂ ਕੁੱਟਮਾਰ ਕਰ ਕੇ ਦਿਖਾਇਆ ਗਿਆ ਹੈ, ਜਿਨ੍ਹਾਂ ਦੇ ਸ਼ਰਾਬ ਦੇ ਨਸ਼ੇ 'ਚ ਹੋਣ ਦਾ ਸ਼ੱਕ ਹੈ। ਝਗੜਾ ਉਦੋਂ ਹੋਰ ਵਧ ਗਿਆ, ਜਦੋਂ ਦੋਹਾਂ ਫਿਰਕਿਆਂ ਦੇ ਮੈਂਬਰ ਇਕ-ਦੂਜੇ ਨਾਲ ਭਿੜ ਗਏ। ਝਗੜੇ ਤੋਂ ਬਾਅਦ ਕੁਝ ਲੋਕਾਂ ਨੇ ਖੇਤਰ 'ਚ ਮੰਦਰ 'ਚ ਭੰਨ-ਤੋੜ ਕਰ ਦਿੱਤੀ, ਜਿਸ ਨਾਲ ਫਿਰਕੂ ਤਣਾਅ ਪੈਦਾ ਹੋ ਗਿਆ। ਘਟਨਾ ਐਤਵਾਰ ਰਾਤ ਕਰੀਬ 10 ਵਜੇ ਹੋਈ। ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਖੇਤਰ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ। ਇਸ ਬਾਰੇ ਹੋਰ ਜਾਣਕਾਰੀ ਦਾ ਇੰਤਜ਼ਾਰ ਹੈ।


author

DIsha

Content Editor

Related News