25 ਅਪ੍ਰੈਲ ਨੂੰ ਹੋਣਗੀਆਂ DSGMC ਦੀਆਂ ਚੋਣਾਂ, 7 ਪਾਰਟੀਆਂ ਮੈਦਾਨ 'ਚ, ਜਾਣੋ ਕਮੇਟੀ ਬਾਰੇ ਮੁੱਖ ਗੱਲਾਂ
Thursday, Apr 15, 2021 - 02:48 PM (IST)
ਨਵੀਂ ਦਿੱਲੀ– 25 ਅਪ੍ਰੈਲ 2021 ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਨ੍ਹਾਂ ਚੋਣਾਂ ’ਚ ਇਸ ਵਾਰ 7 ਪਾਰਟੀਆਂ ਚੋਣ ਮੈਦਾਨ ’ਚ ਆਪੋ-ਆਪਣੇ ਉਮੀਦਵਾਰਾਂ ਨਾਲ ਉਤਰੀਆਂ ਹਨ। ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ ਜਿਸ ਦੀ ਗਿਣਤੀ 28 ਅਪ੍ਰੈਲ ਨੂੰ ਹੋਵੇਗੀ, 29 ਅਪ੍ਰੈਲ ਨੂੰ ਚੁਣੇ ਹੋਏ ਉਮੀਦਵਾਰਾ ਦੀ ਕਮੇਟੀ ਨਿਯੁਕਤੀ ਲਈ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਦੇ ਸਿੱਖਾਂ ਦੀ ਧਾਰਮਿਕ ਸੰਸਥਾ ਹੈ, ਜਿਹੜੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। ਇਸ ਵਲੋਂ ਕਈ ਸਿੱਖਿਆ ਅਤੇ ਸਿਹਤ ਅਦਾਰੇ ਵੀ ਚਲਾਏ ਜਾ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਕ ਖੁਦਮੁਖਤਿਆਰ ਸੰਸਥਾ ਹੈ।
ਆਓ ਜਾਣਦੇ ਹਾਂ ਦਿੱਲੀ ਕਮੇਟੀ ਬਾਰੇ ਮੁੱਖ ਗੱਲਾਂ -
ਪਹਿਲੀ ਵਾਰ 1974 ’ਚ ਹੋਈਆਂ ਸਨ ਚੋਣਾਂ
ਦਿੱਲੀ ਸਰਕਾਰ ਦੇ ਡਾਇਰੈਟੋਰੇਟ ਆਫ ਗੁਰਦੁਆਰਾ ਇਲੈਕਸ਼ਨਜ਼ ਦੀ ਸਥਾਪਨਾ 1974 ’ਚ ਹੋਈ ਸੀ। ਇਸ ਲਈ ਦੇਸ਼ ਦੀ ਸੰਸਦ ’ਚ ਐਕਟ ਪਾਸ ਕੀਤਾ ਗਿਆ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਜੋਂ ਜਾਣਿਆ ਜਾਣ ਲੱਗਾ। ਇਹ ਐਕਟ ਦਿੱਲੀ ਦੇ ਗੁਰਦੁਆਰੇ ਅਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਦੇ ਨਿਯਮ ਤੇ ਦਿਸ਼ਾ ਨਿਰਦੇਸ਼ ਤੈਅ ਕਰਦਾ ਹੈ। ਸ਼ੁਰੂਆਤੀ ਦੌਰ 'ਚ ਇਸ ਲਈ 5 ਮੈਂਬਰ ਬੋਰਡ ਕੰਮ ਕਰਦਾ ਸੀ ਪਰ ਇਸ ਐਕਟ ਦੇ ਅਧੀਨ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਲਈ ਪਹਿਲੀ ਚੋਣ 1974 ’ਚ ਹੋਈ ਸੀ।
ਕਮੇਟੀ ਦੇ ਮੈਂਬਰ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 51 ਮੈਂਬਰ ਚੁਣੇ ਜਾਂਦੇ ਹਨ। ਜਿਨ੍ਹਾਂ ’ਚ 46 ਮੈਂਬਰ ਦਿੱਲੀ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ 5 ਨਾਮਜ਼ਦ ਮੈਂਬਰ ਹੁੰਦੇ ਹਨ, 2 ਕੋ-ਆਪਸ਼ਨ ਰਾਹੀਂ ਚੁਣੇ ਜਾਂਦੇ ਹਨ, ਸਿੰਘ ਸਭਾ ਗੁਰਦੁਆਰਿਆਂ (ਰਜਿਸਟਰਡ) ਦੇ ਪ੍ਰਧਾਨਾਂ ਵਿੱਚੋਂ 2 ਮੈਂਬਰ ਲਾਟਰੀ ਰਾਹੀਂ ਮਨੋਨੀਤ ਕੀਤੇ ਜਾਂਦੇ ਹਨ, ਇੱਕ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਭੇਜਿਆ ਗਿਆ ਨੁਮਾਇੰਦਾ ਹੁੰਦਾ ਹੈ।
ਕੌਣ ਹੋ ਸਕਦਾ ਹੈ ਉਮੀਦਵਾਰ
ਐਕਟ ਮੁਤਾਬਕ ਸਾਬਤ-ਸੂਰਤ ਸਿੱਖ, ਜਿਸ ਦੀ ਉਮਰ ਘੱਟੋ-ਘੱਟ 25 ਸਾਲ ਹੋਵੇ।
ਭਾਰਤ ਦਾ ਨਾਗਰਿਕ ਹੋਵੇ, ਵੋਟਰ ਵਜੋਂ ਨਾਮਜ਼ਦ ਹੋਵੇ।
ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ, ਸਿਗਰਟ ਅਤੇ ਕੋਈ ਨਸ਼ਾ ਨਾ ਕਰਦਾ ਹੋਵੇ।
ਨੈਤਿਕਤਾ ਦੇ ਆਧਾਰ 'ਤੇ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਜਾਂ ਸਰਕਾਰ, ਬੋਰਡ, ਕਮੇਟੀ ਜਾਂ ਕਿਸੇ ਸਥਾਨਕ ਓਥਾਰਟੀ ਵੱਲੋਂ, ਨੈਤਿਕਤਾ ਦੇ ਆਧਾਰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਵਿਅਕਤੀ ਨਹੀਂ ਹੋਣਾ ਚਾਹੀਦਾ।
ਕਿਸੇ ਵੀ ਗੁਰਦੁਆਰੇ ਨੌਕਰੀਪੇਸ਼ਾ ਸੇਵਾਦਾਰ ਨਹੀਂ ਹੋਣਾ ਚਾਹੀਦਾ।
ਗੁਰਮੁਖੀ ਪੜ੍ਹਨੀ, ਲਿਖਣੀ ਜਾਣਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਪਾਠ ਕਰਨ ਦੇ ਸਮਰੱਥ ਹੋਵੇ।
ਕੌਣ ਪਾ ਸਕਦਾ ਹੈ ਵੋਟ
ਐਕਟ ਮੁਤਾਬਕ, ਸਾਬਤ-ਸੂਰਤ ਸਿੱਖ, ਜਿਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ, ਉਹ ਵੋਟ ਕਰ ਸਕਦਾ ਹੈ।
6 ਮਹੀਨੇ ਤੋਂ ਵਾਰਡ ਅੰਦਰ ਰਹਿ ਰਿਹਾ ਹੋਵੇ।
ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ, ਸਿਗਰਟ ਅਤੇ ਕੋਈ ਨਸ਼ਾ ਨਾ ਕਰਦਾ ਹੋਵੇ।
ਨੁਮਾਇੰਦਿਆਂ ਦਾ ਕਾਰਜਕਾਲ ਤੇ ਕੰਮ
ਇਸ ਵਿੱਚ ਦਿੱਲੀ ਦੇ ਸਿੱਖਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ 4 ਸਾਲਾਂ ਲਈ ਤੈਅ ਕੀਤਾ ਗਿਆ। ਇਨ੍ਹਾਂ ਦਾ ਮੁੱਖ ਉਦੇਸ਼ ਦਿੱਲੀ ਦੇ 10 ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ ਹੈ। ਇਹ ਗੁਰਦੁਆਰੇ ਇਸ ਪ੍ਰਕਾਰ ਹਨ:
ਗੁਰਦੁਆਰਾ ਸੀਸ ਗੰਜ ਸਾਹਿਬ
ਗੁਰਦੁਆਰਾ ਬੰਗਲਾ ਸਾਹਿਬ
ਗੁਰਦੁਆਰਾ ਮੋਤੀ ਬਾਗ਼
ਗੁਰਦੁਆਰਾ ਨਾਨਕ ਪਿਆਓ
ਗੁਰਦੁਆਰਾ ਮਜਨੂੰ ਟਿੱਲਾ
ਗੁਰਦੁਆਰਾ ਰਕਾਬ ਗੰਜ
ਗੁਰਦੁਆਰਾ ਬਾਲਾ ਸਾਹਿਬ
ਗੁਰਦੁਆਰਾ ਮਾਤਾ ਸੁੰਦਰੀ ਜੀ
ਗੁਰਦੁਆਰਾ ਦਮਦਮਾ ਸਾਹਿਬ
ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦੁਰ
ਇਸ ਤੋਂ ਇਲਾਵਾ ਦਿੱਲੀ ਕਮੇਟੀ ਉਨ੍ਹਾਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਵੀ ਕਰਦੀ ਹੈ, ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਕਮੇਟੀ ਨੂੰ ਸੌਂਪਿਆ ਜਾਂਦਾ ਹੈ।
ਪਾਰਟੀਆਂ ਤੇ ਚੋਣ ਨਿਸ਼ਾਨ
ਪਾਰਟੀਆਂ | ਪ੍ਰਧਾਨ | ਚੋਣ ਨਿਸ਼ਾਨ |
ਸ਼੍ਰੋਮਣੀ ਅਕਾਲੀ ਦਲ ਬਾਦਲ | ਹਰਮੀਤ ਸਿੰਘ ਕਾਲਕਾ | ਬਾਲਟੀ |
ਪੰਥਕ ਸੇਵਾ ਦਲ | ਪਰਮਜੀਤ ਸਿੰਘ | ਕਿਸਾਨ ਡਰਾਈਵਿੰਗ ਟਰੈਕਟਰ |
ਸ਼੍ਰੋਮਣੀ ਅਕਾਲੀ ਦਲ ਦਿੱਲੀ | ਪਰਮਜੀਤ ਸਿੰਘ ਸਰਨਾ | ਕਾਰ |
ਜਾਗੋ- ਜਗ ਆਸਰਾ ਗੁਰੂ ਓਟ | ਮਨਜੀਤ ਸਿੰਘ ਜੀਕੇ | ਕਿਤਾਬ |
ਪੰਥਕ ਅਕਾਲੀ ਲਹਿਰ | ਭਾਈ ਰਣਜੀਤ ਸਿੰਘ | ਮੋਮਬੱਤੀ |
ਸਿੱਖ ਸਦਭਾਵਨਾ | ਬਲਦੇਵ ਸਿੰਘ ਵਡਾਲਾ | ਟੇਬਲ ਲੈਂਪ |
ਆਮ ਅਕਾਲੀ ਦਲ | ਗੁਰਵਿੰਦਰ ਸਿੰਘ | ਬਲੈਕ ਬੋਰਡ |