ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਜੁੜੀ ਵੱਡੀ ਖ਼ਬਰ, ਦਿੱਲੀ ਪੁਲਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ
Wednesday, May 01, 2024 - 01:12 PM (IST)
ਨਵੀਂ ਦਿੱਲੀ- ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਕਈ ਸਕੂਲਾਂ ਨੂੰ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਦਿੱਲੀ ਪੁਲਸ ਨੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਦਿੱਲੀ ਦੇ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ। ਦਿੱਲੀ ਪੁਲਸ ਨੇ 'ਐਕਸ' 'ਤੇ ਪੋਸਟ ਵਿਚ ਕਿਹਾ ਕਿ ਦਿੱਲੀ ਦੇ ਕੁਝ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੇ ਈ-ਮੇਲ ਮਿਲੇ। ਦਿੱਲੀ ਪੁਲਸ ਨੇ ਪ੍ਰੋਟੋਕਾਲ ਤਹਿਤ ਅਜਿਹੇ ਸਕੂਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਮੇਲ ਫਰਜ਼ੀ ਹੈ। ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਘਬਰਾਉਣ ਨਾ ਅਤੇ ਸ਼ਾਂਤੀ ਬਣਾ ਕੇ ਰੱਖਣ। ਪੁਲਸ ਨੇ ਕਿਹਾ ਕਿ ਧਮਕੀ ਭਰੀ ਮੇਲ, ਜੋ ਕਾਪੀ (CC) ਕੀਤੀ ਗਈ ਸੀ ਅਤੇ ਕਈ ਸਕੂਲਾਂ ਨੂੰ ਭੇਜੀ ਗਈ ਸੀ, ਫਰਜ਼ੀ ਹੋਣ ਦਾ ਸ਼ੱਕ ਹੈ ਕਿਉਂਕਿ ਹੁਣ ਤੱਕ ਕਿਸੇ ਵੀ ਸਕੂਲ ਵਿਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਕਈ ਸਕੂਲਾਂ ਨੂੰ ਈ-ਮੇਲ ਜ਼ਰੀਏ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤਲਾਸ਼ 'ਚ ਜੁੱਟੀ ਪੁਲਸ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਸ ਡਿਪਟੀ ਕਮਿਸ਼ਨਰ ਦੇਵੇਸ਼ ਕੁਮਾਰ ਮਾਹਲਾ ਨੇ ਕਿਹਾ ਕਿ ਅਸੀਂ ਸਾਰੇ ਸਕੂਲਾਂ ਦੀ ਜਾਂਚ ਕੀਤੀ ਹੈ ਅਤੇ ਕੁਝ ਵੀ ਨਹੀਂ ਮਿਲਿਆ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਇਹ ਦਹਿਸ਼ਤ ਪੈਦਾ ਕਰਨ ਲਈ ਭੇਜੀ ਗਈ ਮੇਲ ਸੀ। ਪੁਲਸ ਮੁਤਾਬਕ ਦਿੱਲੀ ਪਬਲਿਕ ਸਕੂਲ, ਮਦਰ ਮੈਰੀ ਸਕੂਲ, ਸੰਸਕ੍ਰਿਤੀ ਸਕੂਲ, ਪੁਸ਼ਪ ਵਿਹਾਰ ਵਿਚ ਐਮਿਟੀ ਸਕੂਲ, ਡੀ. ਏ. ਵੀ. ਆਦਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਉੱਚ ਸੁਰੱਖਿਆ ਖੇਤਰ ਵਿਚ ਆਉਣ ਵਾਲੇ ਡੀ. ਪੀ. ਐੱਸ. ਨੋਇਡਾ ਸਕੂਲ ਨੂੰ ਵੀ ਇਸ ਤਰ੍ਹਾਂ ਦੀ ਧਮਕੀ ਮਿਲੀ ਹੈ।
ਧਮਕੀਆਂ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਕਾਰਵਾਈ ਕਰਦਿਆਂ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ। ਇਸ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਪੁਲਸ ਕਮਿਸ਼ਨਰ ਸੰਜੇ ਅਰੋੜਾ ਨਾਲ ਗੱਲ ਕੀਤੀ ਅਤੇ ਦਿੱਲੀ-ਐਨਸੀਆਰ 'ਚ ਸਕੂਲਾਂ 'ਚ ਬੰਬ ਦੀ ਧਮਕੀ ਬਾਰੇ ਵਿਸਥਾਰਪੂਰਵਕ ਰਿਪੋਰਟ ਮੰਗੀ। ਉਨ੍ਹਾਂ ਪੁਲਸ ਨੂੰ ਹਦਾਇਤ ਕੀਤੀ ਕਿ ਸਕੂਲਾਂ ਦੀ ਚਾਰਦੀਵਾਰੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਵੇ, ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਅਣਗਹਿਲੀ ਨਾ ਹੋਵੇ।
ਇਹ ਵੀ ਪੜ੍ਹੋ- ਭਿਆਨਕ ਗਰਮੀ ਦਾ ਕਹਿਰ; ਜਮਾਤ 8ਵੀਂ ਤੱਕ ਦੇ ਸਾਰੇ ਸਕੂਲ ਬੰਦ, ਜਾਰੀ ਹੋਇਆ ਇਹ ਆਦੇਸ਼
ਓਧਰ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਈ-ਮੇਲ ਤੋਂ ਦਿੱਤੀ ਗਈ ਬੰਬ ਦੀ ਧਮਕੀ ਅਫ਼ਵਾਹ ਲੱਗਦੀ ਹੈ। ਧਮਕੀ ਵਾਲੇ ਕਿਸੇ ਵੀ ਸਕੂਲ ਵਿਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਬੰਬ ਦੀ ਧਮਕੀ ਮਗਰੋਂ ਪੁਲਸ ਵਲੋਂ ਸਬੰਧਤ ਸਕੂਲਾਂ ਦੀ ਜਾਂਚ ਪੂਰੀ ਕਰ ਲਈ ਗਈ ਹੈ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਅਤੇ ਗੁਆਂਢੀ ਸ਼ਹਿਰ ਨੋਇਡਾ 'ਚ 80 ਤੋਂ ਵਧੇਰੇ ਸਕੂਲਾਂ ਨੂੰ ਬੁੱਧਵਾਰ ਸਵੇਰੇ ਬੰਬ ਰੱਖੇ ਹੋਣ ਦੀ ਧਮਕੀ ਵਾਲਾ ਈ-ਮੇਲ ਮਿਲਣ ਮਗਰੋਂ ਹਫੜਾ-ਦਫੜੀ ਵਾਲੀ ਸਥਿਤੀ ਬਣ ਗਈ। ਈ-ਮੇਲ ਬਾਰੇ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ।
ਇਹ ਵੀ ਪੜ੍ਹੋ- 8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8