ਦੰਗਿਆਂ ਤੋਂ ‘ਅਪਾਹਜ’ ਹੋਈ ਜ਼ਿੰਦਗੀ, ਕਿਸੇ ਨੇ ਗੁਆਾਈਆਂ ਅੱਖਾਂ ਤਾਂ ਕਿਸੇ ਨੂੰ ਗੁਆਉਣੇ ਪਏ ਹੱਥ

Tuesday, Feb 23, 2021 - 06:36 PM (IST)

ਨਵੀਂ ਦਿੱਲੀ— ਉੱਤਰੀ-ਪੂਰਬੀ ਦਿੱਲੀ ਦੇ ਸ਼ਿਵ ਵਿਹਾਰ ’ਚ ਰਹਿਣ ਵਾਲੇ ਮੁਹੰਮਦ ਵਕੀਲ ਦੀ ਉਨ੍ਹਾਂ ਦੇ ਘਰ ਦੇ ਹੇਠਾਂ ਹੀ ਪ੍ਰਚੂਨ ਦੀ ਦੁਕਾਨ ਸੀ। ਇਸ ਦੁਕਾਨ ਤੋਂ ਰੋਜ਼ਾਨਾ ਹੋਣ ਵਾਲੀ ਲੱਗਭਗ 200 ਤੋਂ 300 ਰੁਪਏ ਦੀ ਆਮਦਨੀ ਤੋਂ ਉਨ੍ਹਾਂ ਦੇ 7 ਮੈਂਬਰੀ ਪਰਿਵਾਰ ਦਾ ਸੋਹਣਾ ਗੁਜ਼ਾਰਾ ਚੱਲ ਰਿਹਾ ਸੀ ਪਰ ਪਿਛਲੇ ਸਾਲ ਇਨ੍ਹੀਂ ਦਿਨੀਂ ਰਾਜਧਾਨੀ ਦੇ ਇਸ ਇਲਾਕੇ ਵਿਚ ਹੋਏ ਫਿਰਕੂ ਦੰਗਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਨੂੰ ਪਟੜੀ ਤੋਂ ਉਤਾਰ ਦਿੱਤਾ। ਦੰਗਿਆਂ ਦੌਰਾਨ ਸੁੱਟੀ ਗਈ ਤੇਜ਼ਾਬ ਦੀ ਬੋਤਲ ਦੀ ਲਪੇਟ ’ਚ ਆਉਣ ਨਾਲ ਉਨ੍ਹਾਂ ਦੀਆਂ ਅੱਖਾਂ ਚੱਲੀਆਂ ਗਈਆਂ ਅਤੇ ਉਹ ਹੁਣ ਪਰਿਵਾਰ ਦਾ ਪਾਲਣ-ਪੋਸ਼ਣ ਦੀ ਗੱਲ ਤਾਂ ਦੂਰ ਆਪਣੀ ਰੋਜ਼ਾਨਾ ਦੀ ਰੁਟੀਨ ਲਈ ਵੀ ਦੂਜਿਆਂ ਦੇ ਮੋਹਤਾਜ ਹਨ। 52 ਸਾਲਾ ਵਕੀਲ ਸ਼ਿਵ ਵਿਹਾਰ ਫੇਜ-6 ਦੀ ਗਲੀ ਨੰਬਰ 13 ਵਿਚ ਬੀਤੇ 30 ਸਾਲਾਂ ਤੋਂ ਰਹਿ ਰਹੇ ਹਨ।

PunjabKesari

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭੜਕੇ ਸਨ ਦੰਗੇ—
ਪਿਛਲੇ ਸਾਲ 23 ਫਰਵਰੀ ਦੀ ਸ਼ਾਮ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਮੌਜਪੁਰ ਇਲਾਕੇ ’ਚ ਹਿੰਸਕ ਝੜਪ ਮਗਰੋਂ ਤਕਰੀਬਨ ਪੂਰੇ ਜ਼ਿਲ੍ਹੇ ਵਿਚ ਫਿਰਕੂ ਹਿੰਸਾ ਫੈਲ ਗਈ ਸੀ, ਜਿਸ ਵਿਚ ਸਭ ਤੋਂ ਵਧੇਰੇ ਪ੍ਰਭਾਵਿਤ ਸ਼ਿਵ ਵਿਹਾਰ ਰਿਹਾ ਸੀ। ਇਨ੍ਹਾਂ ਦੰਗਿਆਂ ਵਿਚ ਦਿੱਲੀ ਦੇ ਮੁਸਤਫਾਬਾਦ, ਕਰਾਵਲ ਨਗਰ, ਸ਼ਿਵ ਵਿਹਾਰ, ਚਾਂਦ ਬਾਗ, ਯਮੁਨਾ ਵਿਹਾਰ, ਵਿਜੇ ਪਾਰਕ, ਖਜੁਰੀ ਅਤੇ ਸੁਭਾਸ਼ ਮੁਹੱਲਾ ਸਮੇਤ ਕਈ ਇਲਾਕਿਆਂ ਵਿਚ ਹੋਏ ਦੰਗਿਆਂ ਵਿਚ ਇਕ ਪੁਲਸ ਮੁਲਾਜ਼ਮ ਸਮੇਤ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 500 ਲੋਕ ਜ਼ਖਮੀ ਹੋਏ ਸਨ। ਹੁਣ ਇਕ ਸਾਲ ਬਾਅਦ ਪੂਰਾ ਇਲਾਕਾ ਦੰਗਿਆਂ ਨਾਲ ਬਰਬਾਦ ਹੋਈ ਜ਼ਿੰਦਗੀ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। 

PunjabKesari

ਵਕੀਲ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ—
ਵਕੀਲ ਨੇ ਦੱਸਿਆ ਕਿ ਉਸ ਦਿਨ ਪੂਰਾ ਦਿਨ ਤਣਾਅ ਵਾਲਾ ਮਾਹੌਲ ਸੀ। ਪਰਿਵਾਰ ਦੇ ਸਾਰੇ ਮੈਂਬਰ ਘਰ ਵਿਚ ਹੀ ਸੀ। ਸ਼ਾਮ ਤੱਕ ਦੰਗਾਈ ਭੀੜ ਹਿੰਸਕ ਹੋ ਗਈ। ਅਸੀਂ ਘਰ ਦੇ ਦਰਵਾਜ਼ੇ ਬੰਦ ਕਰ ਲਏ। ਮੈਂ ਬਾਹਰ ਦਾ ਜਾਇਜ਼ਾ ਲੈਣ ਲਈ ਛੱਤ ’ਤੇ ਗਿਆ ਸੀ ਅਤੇ ਹੇਠਾਂ ਵੇਖ ਹੀ ਰਿਹਾ ਸੀ ਕਿ ਕਿਸੇ ਨੇ ਮੈਨੂੰ ਨਿਸ਼ਾਨਾ ਬਣਾਉਂਦੇ ਹੋਏ ਕੱਚ ਦੀ ਬੋਤਲ ਸੁੱਟੀ, ਜਿਸ ’ਚ ਤੇਜ਼ਾਬ ਭਰਿਆ ਹੋਇਆ ਸੀ। ਤੇਜ਼ਾਬ ਦੀ ਵਜ੍ਹਾ ਕਰ ਕੇ ਮੇਰੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਨੇ ਭਰੋਸਾ ਦਿੱਤਾ ਹੈ ਕਿ ਅੱਖਾਂ ਇੰਨੀਆਂ ਕੁ ਠੀਕ ਹੋ ਜਾਣਗੀਆਂ ਕਿ ਮੈਂ ਬਿਨਾਂ ਕਿਸੇ ਦੇ ਸਹਾਰੇ ਤੁਰ-ਫਿਰ ਸਕਾਂਗਾ। 

PunjabKesari

ਅਕਰਮ ਦੇ ਹੱਥ ਡਾਕਟਰਾਂ ਨੂੰ ਕੱਟਣ ਪਏ—
ਇਨ੍ਹਾਂ ਦੰਗਿਆਂ ਨੇ ਵਕੀਲ ਵਾਂਗ ਮੁਹੰਮਦ ਅਕਰਮ ਦੀ ਵੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ। ਪੇਸ਼ੇ ਤੋਂ ਜੀਨਸ ਕਟਿੰਗ ਮਾਸਟਰ ਅਕਰਮ ਰੋਜ਼ਾਨਾ 1000-1500 ਰੁਪਏ ਕਮਾ ਲੈਂਦੇ ਸਨ ਪਰ ਪਿਛਲੇ ਸਾਲ 24 ਫਰਵਰੀ ਨੂੰ ਇਕ ਘਟਨਾ ਵਿਚ ਜ਼ਖਮੀ ਹੋਣ ਮਗਰੋਂ ਉਨ੍ਹਾਂ ਦਾ ਇਕ ਹੱਥ ਕੱਟਣਾ ਪਿਆ ਅਤੇ ਦੂਜੇ ਹੱਥ ਦੀ ਉਂਗਲੀ ਵੀ ਕੱਟਣੀ ਪਈ। ਅਕਰਮ ਨੇ ਦੱਸਿਆ ਕਿ 24 ਫਰਵਰੀ ਨੂੰ ਧਾਰਮਿਕ ਸਭਾ ਵਿਚ ਜਾਣ ਲਈ ਉਹ ਘਰੋਂ ਨਿਕਲਿਆ ਸੀ ਪਰ ਮਾਹੌਲ ਖਰਾਬ ਵੇਖ ਕੇ ਵਾਪਸ ਆਉਣ ਲੱਗਾ ਤਾਂ ਦੰਗਾਈਆਂ ਦੀ ਭੀੜ ’ਚ ਫਸ ਗਿਆ। ਮੈਂ ਵਜ਼ੀਰਾਬਾਦ ਰੋਡ ’ਤੇ ਦੰਗਾਈਆਂ ਤੋਂ ਬਚ ਕੇ ਦੌੜ ਰਿਹਾ ਸੀ ਅਤੇ ਇਸ ਦੌਰਾਨ ਇਕ ਦੇਸੀ ਬੰਬ ਮੇਰੇ ਨੇੜੇ ਆ ਕੇ ਫਟਿਆ, ਜਿਸ ਨਾਲ ਮੇਰੇ ਹੱਥ ’ਤੇ ਗੰਭੀਰ ਸੱਟ ਲੱਗੀ। ਅਗਲੇ ਹੀ ਦਿਨ ਡਾਕਟਰਾਂ ਨੂੰ ਮੇਰਾ ਇਕ ਹੱਥ ਅਤੇ ਦੂਜੇ ਹੱਥ ਦੀ ਇਕ ਉਂਗਲੀ ਕੱਟਣੀ ਪਈ। 22 ਸਾਲ ਦੇ ਅਕਰਮ ਦੱਸਦੇ ਹਨ ਕਿ ਦਿੱਲੀ ਦੇ ਦੰਗਿਆਂ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨੂੰ ਹੀ ਲਕਵਾ ਮਾਰ ਦਿੱਤਾ ਗਿਆ। ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਉਨ੍ਹਾਂ ਕਿਹਾ ਕਿ ਹੁਣ ਤਾਂ ਕਮੀਜ਼ ਪਹਿਨਣ ਲਈ ਵੀ ਮੈਨੂੰ ਦੂਜਿਆਂ ਦੀ ਮਦਦ ਲੈਣੀ ਪੈ ਰਹੀ ਹੈ। 

PunjabKesari

ਅਜੇ ਵੀ ਕਈ ਲੋਕ ਮੁਆਵਜ਼ਾ ਦੀ ਉਡੀਕ ’ਚ—
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੰਗਿਆਂ ਕਾਰਨ ਦਿਵਯਾਂਗ (ਅਪਾਹਜ) ਹੋਏ ਵਿਅਕਤੀਆਂ ਲਈ 5 ਲੱਖ ਰੁਪਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਲਈ ਦੋ ਲੱਖ ਰੁਪਏ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਏ ਸਨ, ਉਨ੍ਹਾਂ ਨੂੰ 5 ਲੱਖ ਰੁਪਏ ਪ੍ਰਤੀ ਮੰਜਿਲ ਦੀ ਦਰ ਨਾਲ ਮੁਆਵਜ਼ਾ ਮਿਲਣਾ ਸੀ। ਦੰਗਿਆਂ ਦੇ ਇਕ ਸਾਲ ਬੀਤਣ ਤੋਂ ਬਾਅਦ ਵੀ ਕਈ ਲੋਕ ਮੁਆਵਜ਼ਾ ਮਿਲਣ ਦੀ ਉਡੀਕ ਕਰ ਰਹੇ ਹਨ।


Tanu

Content Editor

Related News