ਦਿੱਲੀ ਦੇ ਨਾਮੀ ਰੈਸਟੋਰੈਂਟ ''ਚ ਸਾਂਭਰ ''ਚੋਂ ਮਿਲੀ ਕਿਰਲੀ, FIR ਦਰਜ
Monday, Aug 03, 2020 - 03:04 PM (IST)

ਨਵੀਂ ਦਿੱਲੀ- ਦਿੱਲੀ ਦੇ ਕਨਾਟ ਪਲੇਸ 'ਚ ਸਥਿਤ ਇਕ ਪ੍ਰਸਿੱਧ ਦੱਖਣ ਭਾਰਤੀ ਰੈਸਟੋਰੈਂਟ 'ਚ ਇਕ ਗਾਹਕ ਨੂੰ ਕਥਿਤ ਤੌਰ 'ਤੇ ਸਾਂਭਰ 'ਚ ਮਰੀ ਹੋਈ ਕਿਰਲੀ ਮਿਲੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਘਟਨਾ ਸ਼ਨੀਵਾਰ ਦੀ ਰਾਤ ਹੋਈ। ਪੁਲਸ ਅਨੁਸਾਰ ਚਾਂਦਨੀ ਚੌਕ ਦੇ ਫਤਿਹਪੁਰੀ ਖੇਤਰ ਵਾਸੀ ਪੰਕਜ ਅਗਰਵਾਲ ਆਪਣੇ 2 ਦੋਸਤਾਂ ਨਾਲ ਰੈਸਟੋਰੈਂਟ ਗਏ ਸਨ, ਜਿੱਥੇ ਉਨ੍ਹਾਂ ਨੇ ਡੋਸਾ ਅਕੇ ਸਾਂਭਰ ਮੰਗਵਾਇਆ। ਅਗਰਵਾਲ ਨੇ ਜਦੋਂ ਖਾਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਸਾਂਭਰ 'ਚ ਮਰੀ ਹੋਈ ਕਿਰਲੀ ਦਿਖਾਈ ਦਿੱਤੀ। ਪੁਲਸ ਨੇ ਕਿਹਾ ਕਿ ਅਗਰਵਾਲ ਨੇ ਮੋਬਾਇਲ ਫੋਨ 'ਤੇ ਖਾਣੇ ਦੀ ਤਸਵੀਰ ਖਿੱਚੀ ਅਤੇ ਰੈਸਟੋਰੈਂਟ ਦੇ ਕਰਮੀਆਂ ਤੋਂ ਜਵਾਬ ਤਲੱਬ ਕੀਤਾ।
ਰੈਸਟੋਰੈਂਟ ਦੇ ਪ੍ਰਬੰਧਕ ਨੇ ਭਵਿੱਖ 'ਚ ਅਜਿਹਾ ਨਾ ਹੋਣ ਦਾ ਭਰੋਸਾ ਦਿੱਤਾ। ਗਾਹਕ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਈਸ਼ ਸਿੰਘਲ ਨੇ ਕਿਹਾ,''ਸ਼ਿਕਾਇਤ ਦੇ ਆਧਾਰ 'ਤੇ ਅਸੀਂ ਰੈਸਟੋਰੈਂਟ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ 269 ਅਤੇ 336 ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।'' ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਰੈਸਟੋਰੈਂਟ ਤੋਂ ਸੀ.ਸੀ.ਟੀ.ਵੀ. ਫੁਟੇਜ, ਰਸੋਈਏ ਦਾ ਵੇਰਵਾ, ਪਕਵਾਨ 'ਚ ਵਰਤੀ ਗਈ ਸਮੱਗਰੀ ਅਤੇ ਰੈਸਟੋਰੈਂਟ ਦੇ ਲਾਇਸੈਂਸ ਦੀ ਮੰਗ ਕੀਤੀ ਹੈ।