ਦਿੱਲੀ ’ਚ ਭਿਆਨਕ ਪ੍ਰਦੂਸ਼ਣ, ਇੱਥੇ ਰਹਿਣਾ ਪਸੰਦ ਨਹੀਂ : ਗਡਕਰੀ
Tuesday, Dec 03, 2024 - 06:00 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਵਧਦੇ ਪ੍ਰਦੂਸ਼ਣ ਦੇ ਪੱਧਰ ਤੋਂ ਪਰੇਸ਼ਾਨ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਮੰਨਿਆ ਕਿ ਉਨ੍ਹਾਂ ਦਾ ਰਾਸ਼ਟਰੀ ਰਾਜਧਾਨੀ 'ਚ ਆਉਣ ਦਾ ਮਨ ਨਹੀਂ ਕਰਦਾ ਕਿਉਂਕਿ ਇੱਥੇ ਆ ਕੇ ਉਹ ਹਮੇਸ਼ਾ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇੱਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਨਾਗਪੁਰ ਤੋਂ ਸੰਸਦ ਮੈਂਬਰ ਗਡਕਰੀ ਨੇ ਕਿਹਾ ਕਿ ਦਿੱਲੀ ਅਜਿਹਾ ਸ਼ਹਿਰ ਹੈ ਜਿੱਥੇ ਮੈਨੂੰ ਰਹਿਣਾ ਪਸੰਦ ਨਹੀਂ ਹੈ। ਇੱਥੇ ਪ੍ਰਦੂਸ਼ਣ ਕਾਰਨ ਮੈਨੂੰ ਇਨਫੈਕਸ਼ਨ ਹੋ ਜਾਂਦਾ ਹੈ। ਉਨ੍ਹਾਂ ਕਿਹਾ,''ਹਰ ਵਾਰ ਦਿੱਲੀ 'ਚ ਆਉਂਦੇ ਹੋਏ ਅਜਿਹਾ ਲੱਗਦਾ ਹੈ ਕਿ (ਦਿੱਲੀ) ਜਾਣਾ ਚਾਹੀਦਾ ਕਿ ਨਹੀਂ। ਇੰਨਾ ਭਿਆਨਕ ਪ੍ਰਦੂਸ਼ਣ ਹੈ।''
ਗਡਕਰੀ ਨੇ ਸੁਝਾਅ ਦਿੱਤਾ ਕਿ ਪ੍ਰਦੂਸ਼ਣ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਜੈਵਿਕ ਈਂਧਨ (ਪੈਟਰੋਲ ਤੇ ਡੀਜ਼ਲ) ਦੀ ਖਪਤ ਨੂੰ ਘਟਾਉਣਾ ਹੈ। ਭਾਰਤ 22 ਲੱਖ ਕਰੋੜ ਰੁਪਏ ਦੇ ਜੈਵਿਕ ਈਂਧਨ ਦੀ ਦਰਾਮਦ ਕਰਦਾ ਹੈ ਜੋ ਆਰਥਿਕਤਾ ਤੇ ਵਾਤਾਵਰਣ ਪੱਖੋਂ ਚੁਣੌਤੀਪੂਰਨ ਹੈ। ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣੇ ਜਾਂਦੇ ਗਡਕਰੀ ਨੇ ਕਿਹਾ ਕਿ ਅਸੀਂ ਬਦਲਵੇਂ ਈਂਧਨ ਨੂੰ ਉਤਸ਼ਾਹਿਤ ਕਰ ਕੇ ਜੈਵਿਕ ਈਂਧਨ ਦੀ ਦਰਾਮਦ ਨੂੰ ਘਟਾ ਸਕਦੇ ਹਾਂ। ਭਾਰਤ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਦੀ ਹੈ, ਇਸ ਲਈ ਸਰਕਾਰ ਨੂੰ ਆਉਣ ਵਾਲੇ ਸਮੇਂ ’ਚ ਆਰਥਿਕ ਅਤੇ ਸਮਾਜਿਕ ਬਰਾਬਰੀ ਨੂੰ ਯਕੀਨੀ ਬਣਾਉਣਾ ਹੋਵੇਗਾ। ਮੰਗਲਵਾਰ ਦਿੱਲੀ ਵਾਸੀਆਂ ਨੇ ਹਵਾ ਦੀ ਗੁਣਵੱਤਾ ’ਚ ਮਾਮੂਲੀ ਸੁਧਾਰ ਦੇਖਿਆ। ਸਵੇਰ ਵੇਲੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 274 ’ਤੇ ਰਿਹਾ, ਜੋ ਲਗਾਤਾਰ ਤੀਜੇ ਦਿਨ ਰਾਹਤ ਦਾ ਸੰਕੇਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8