ਲਾਰੈਂਸ ਬਿਸ਼ਨੋਈ-ਜਿਤੇਂਦਰ ਗੋਗੀ ਗੈਂਗ ਦਾ ਖ਼ਤਰਨਾਕ ਗੈਂਗਸਟਰ ਮੁਕਾਬਲੇ ਉਪਰੰਤ ਗ੍ਰਿਫ਼ਤਾਰ

05/24/2023 3:47:29 PM

ਨਵੀਂ ਦਿੱਲੀ (ਏਜੰਸੀ)- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ-ਜਿਤੇਂਦਰ ਗੋਗੀ ਸਿੰਡੀਕੇਟ ਦੇ ਫਰਾਰ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦੋਸ਼ੀ ਦੀ ਪਛਾਣ ਯੋਗੇਸ਼ ਉਰਫ਼ ਹਿਮਾਂਸ਼ੂ ਵਜੋਂ ਹੋਈ ਹੈ ਅਤੇ ਉਸ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਸ ਅਨੁਸਾਰ ਦੋਸ਼ੀ ਕਤਲ ਦੇ ਇਕ ਮਾਮਲੇ 'ਚ ਅੰਤਰਿਮ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਤਿੰਨ ਸਾਲਾਂ ਤੋਂ ਫਰਾਰ ਸੀ। ਪੁਲਸ ਨੇ ਕਿਹਾ,''ਦੋਸ਼ੀ ਦਿੱਲੀ/ਐੱਨ.ਸੀ.ਆਰ. 'ਚ ਕਤਲ ਦੀ ਕੋਸ਼ਿਸ਼, ਲੁੱਟ, ਡਕੈਤੀ, ਅਪਰਾਧਕ ਧਮਕੀ ਅਤੇ ਆਰਮਜ਼ ਐਕਟ ਆਦਿ ਦੇ 16 ਅਪਰਾਧਕ ਮਾਮਲਿਆਂ 'ਚ ਸ਼ਾਮਲ ਸੀ ਅਤੇ ਤਿੰਨ ਸਾਲਾਂ ਤੋਂ ਫਰਾਰ ਸੀ।'' ਪੁਲਸ ਨੇ ਕਿਹਾ,''ਦੋਸ਼ੀ ਕੋਲੋਂ 0.32 ਬੋਰ ਦੀ ਇਕ ਸੈਮੀ-ਆਟੋਮੈਟਿਕ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।'' ਗ੍ਰਿਫ਼ਤਾਰੀ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸਪੈਸ਼ਲ ਸੈੱਲ ਨੂੰ ਇਕ ਫਰਾਰ ਗੈਂਗਸਟਰ ਦੇ ਉੱਤਰ-ਪੱਛਮੀ ਅਤੇ ਬਾਹਰੀ ਦਿੱਲੀ ਇਲਾਕੇ 'ਚ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਜੁਟਾਈ ਗਈ। ਵਿਸ਼ੇਸ਼ ਸੂਚਨਾ ਪ੍ਰਾਪਤ ਹੋਈ ਕਿ ਦੋਸ਼ੀ ਸੋਮਵਾਰ 22 ਮਈ ਨੂੰ ਬ੍ਰਿਟਾਨੀਆ ਚੌਕ ਫਲਾਈਓਵਰ ਕੋਲ ਸਹਿਯੋਗੀ ਨੂੰ ਮਿਲਣ ਆਏਗਾ। ਪੁਲਸ ਨੇ ਕਿਹਾ ਕਿ ਇਕ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਦੋਸ਼ੀ ਨੂੰ ਫੜਨ ਲਈ ਇਕ ਜਾਲ ਵਿਛਾਇਆ ਗਿਆ ਸੀ।

PunjabKesari

ਪੁਲਸ ਨੇ ਕਿਹਾ,''ਦੋਸ਼ੀ ਨੂੰ ਰਿੰਗ ਰੋਡ 'ਤੇ ਦੁਪਹਿਰ ਕਰੀਬ 3.15 ਵਜੇ ਫਲਾਈਓਵਰ ਵੱਲ ਪੈਦਲ ਆਉਂਦੇ ਦੇਖਿਆ ਗਿਆ। ਹਾਲਾਂਕਿ ਜਦੋਂ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਪਿਸਤੌਲ ਕੱਢੀ ਅਤੇ ਛਾਪੇਮਾਰੀ ਦਲ ਵੱਲ ਗੋਲੀ ਚਲਾ ਦਿੱਤੀ। ਟੀਮ ਦੇ ਮੈਂਬਰ ਨੇ ਤੁਰੰਤ ਜਵਾਬ ਦਿੱਤਾ ਅਤੇ ਦੋਸ਼ੀ 'ਤੇ ਕਾਬੂ ਪਾ ਲਿਆ।'' ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ ਇਕ ਸੈਮੀ ਆਟੋਮੈਟਿਕ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਅਧਿਕਾਰੀਆਂ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਦੋਸ਼ੀ 16 ਅਪਰਾਧਕ ਮਾਮਲਿਆਂ 'ਚ ਸ਼ਾਮਲ ਹੈ ਅਤੇ ਉਸ ਨੂੰ 2019 'ਚ ਨਰੇਲਾ ਪੁਲਸ ਸਟੇਸ਼ਨ 'ਚ ਦਰਜ ਕਤਲ ਦੀ ਕੋਸ਼ਿਸ਼ ਦੇ ਇਕ ਮਾਮਲੇ 'ਚ 4 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਅਤੇ ਉਸ ਨੂੰ 45 ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਉਸ ਨੇ ਆਤਮਸਮਰਪਣ ਨਹੀਂ ਕੀਤਾ ਅਤੇ ਫਰਾਰ ਹੋ ਗਿਆ। ਉਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਲਾਰੈਂਸ ਬਿਸ਼ਨੋਈ-ਜਿਤੇਂਦਰ ਗੋਗੀ ਗਿਰੋਹ ਦਾ ਸਰਗਰਮ ਮੈਂਬਰ ਹੈ ਅਤੇ ਇਸ ਗਿਰੋਹ ਦੇ ਮੈਂਬਰਾਂ ਨੂੰ ਰਸਦ ਅਤੇ ਵਿੱਤੀ ਮਦਦ ਪ੍ਰਦਾਨ ਕਰਦਾ ਹੈ।''


DIsha

Content Editor

Related News