ਕਿਸਾਨਾਂ ਦਾ ਵਿਰੋਧ ਮਾਰਚ : ਦਿੱਲੀ ਪੁਲਸ ਨੇ 30 ਹਜ਼ਾਰ ਹੰਝੂ ਗੈਸ ਦੇ ਗੋਲੇ ਕੀਤੇ ਆਰਡਰ, ਗਵਾਲੀਅਰ ਤੋਂ ਮੰਗਵਾਏ
Thursday, Feb 15, 2024 - 12:43 PM (IST)
ਨਵੀਂ ਦਿੱਲੀ (ਭਾਸ਼ਾ)- ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 'ਦਿੱਲੀ ਚਲੋ' ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾਂ 'ਤੇ ਡੇਰੇ ਲਾਏ ਹੋਏ ਹਨ, ਜਦਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਨ੍ਹਾਂ ਤਿਆਰੀਆਂ ਦੇ ਹਿੱਸੇ ਵਜੋਂ ਦਿੱਲੀ ਪੁਲਸ ਨੇ 30,000 ਹੰਝੂ ਗੈਸ ਦੇ ਗੋਲੇ ਮੰਗਵਾਏ ਹਨ। ਦਿੱਲੀ ਪੁਲਸ ਦੇ ਇਕ ਸੂਤਰ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਅੱਗੇ ਵਧਣ 'ਤੇ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਵਚਨਬੱਧ ਹਨ। ਇਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਸ ਨੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਹੰਝੂ ਗੈਸ ਦੇ ਗੋਲੇ ਇਕੱਠੇ ਕਰ ਲਏ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਟੇਕਨਪੁਰ ਸਥਿਤ ਬੀ.ਐੱਸ.ਐੱਫ. ਦੀ 'ਟੀਅਰ ਸਮੋਕ ਯੂਨਿਟ' (ਟੀਐਸਯੂ) ਤੋਂ 30,000 ਗੋਲਿਆਂ ਦੀ ਨਵੀਂ ਖੇਪ ਮੰਗਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗੋਲੇ ਗਵਾਲੀਅਰ ਤੋਂ ਦਿੱਲੀ ਲਿਆਂਦੇ ਜਾ ਰਹੇ ਹਨ। ਹੰਝੂ ਗੈਸ ਇਕ ਦੰਗਾ ਵਿਰੋਧੀ ਯੰਤਰ ਹੈ, ਜਿਸ ਦਾ ਸੁਰੱਖਿਆ ਫ਼ੋਰਸ ਭੀੜ ਨੂੰ ਦੌੜਾਉਣ ਲਈ ਉਪਯੋਗ ਕਰਦੀ ਹੈ। ਗੈਸ ਨਾਲ ਅੱਖਾਂ ਵਿਚ ਜਲਣ ਅਤੇ ਹੰਝੂ ਆਉਂਦੇ ਹਨ।
ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦਰਮਿਆਨ ਸ਼ੰਭੂ ਬਾਰਡਰ ਪਹੁੰਚੇ ਡੱਲੇਵਾਲ, ਸਟੇਜ ਤੇ ਖੜ੍ਹ ਕਿਹਾ- ਮੈਂ ਕੈਂਸਰ ਦਾ ਮਰੀਜ਼
ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ 'ਚ ਹੋਏ ਜੀ-20 ਸੰਮੇਲਨ ਤੋਂ ਪਹਿਲਾਂ ਵੀ ਹੰਝੂ ਗੈਸ ਦੇ ਗੋਲਿਆਂ ਦੀ ਖੇਪ ਮੰਗਵਾਈ ਗਈ ਸੀ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਇਨ੍ਹਾਂ ਦੀ ਨਵੀਂ ਖੇਪ ਮੰਗਵਾਈ ਗਈ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਹੰਝੂ ਗੈਸ ਦੇ ਗੋਲੇ ਤਿੰਨ ਸਾਲ ਤੱਕ ਚੰਗੇ ਰਹਿੰਦੇ ਹਨ, ਇਸ ਤੋਂ ਬਾਅਦ ਉਸ ਦਾ ਅਸਰ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ ਪਰ ਅਭਿਆਸ ਦੇ ਉਦੇਸ਼ਾਂ ਲਈ ਬਲ 7 ਸਾਲ ਪੁਰਾਣੇ ਸ਼ੈੱਲਾਂ ਦੀ ਵਰਤੋਂ ਕਰਦੇ ਹਨ। ਦਿੱਲੀ ਪੁਲਸ ਦੇ ਨਿਯਮਾਂ ਅਨੁਸਾਰ, ਖੇਪ ਮਿਲਣ ਤੋਂ ਬਾਅਦ ਗੋਲੇ ਜ਼ਿਲ੍ਹਾ ਪੁਲਸ ਅਤੇ ਫੋਰਸ ਦੀਆਂ ਇਕਾਈਆਂ ਨੂੰ ਦਿੱਤੇ ਜਾਂਦੇ ਹਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਨਵੀਂ ਖੇਪ ਬਾਹਰੀ, ਉੱਤਰੀ ਅਤੇ ਪੂਰਬੀ ਜ਼ਿਲ੍ਹਾ ਪੁਲਸ ਨੂੰ ਦਿੱਤੀ ਜਾ ਸਕਦੀ ਹੈ। ‘ਦਿੱਲੀ ਚਲੋ’ ਅੰਦੋਲਨ ਤਹਿਤ ਸੈਂਕੜੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਡੇਰੇ ਲਾਏ ਹੋਏ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਾਰੰਟੀ ਲਈ ਕਾਨੂੰਨ ਬਣਾਉਣ ਅਤੇ ਕਰਜ਼ ਮੁਆਫ਼ੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ 'ਦਿੱਲੀ ਚਲੋ' ਮਾਰਚ ਦੀ ਅਗਵਾਈ ਕਰ ਰਹੇ ਹਨ। ਹਰਿਆਣਾ ਪੁਲਸ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਟਰੈਕਟਰ-ਟਰਾਲੀ 'ਚ ਦਿੱਲੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾ ਕੇ ਸਰਹੱਦ ਸੀਲ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8