ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਦੀ ਕੋਰੋਨਾ ਕਾਰਨ ਮੌਤ, ਹੁਣ ਤੱਕ 10 ਜਵਾਨਾਂ ਦੀ ਗਈ ਜਾਨ
Wednesday, Jul 08, 2020 - 01:09 PM (IST)
ਨਵੀਂ ਦਿੱਲੀ- ਰਾਜਧਾਨੀ ਦੇ ਪੱਛਮੀ ਵਿਹਾਰ ਥਾਣੇ 'ਚ ਤਾਇਨਾਤ ਕਾਂਸਟੇਬਲ ਯੋਗੇਂਦਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਦਿੱਲੀ ਪੁਲਸ ਵਲੋਂ ਬੁੱਧਵਾਰ ਨੂੰ ਯੋਗੇਂਦਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਗਿਆ। ਉਨ੍ਹਾਂ ਨੇ ਕਿਹਾ,''ਸਾਡੇ ਪੁਲਸ ਫੋਰਸ ਦਾ ਇਕ ਬਹਾਦਰ ਯੋਧਾ ਕੋਵਿਡ-19 ਮਹਾਮਾਰੀ ਦੇ ਵਿਰੁੱਧ ਜੰਗ 'ਚ ਸ਼ਹੀਦ ਹੋ ਗਿਆ ਹੈ। ਇਸ ਕਠਿਨ ਸਮੇਂ ਕਾਂਸਟੇਬਲ ਯੋਗੇਂਦਰ ਦੀਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਦਿੱਲੀ ਪੁਲਸ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ।''
ਲਿਵਰ ਸੰਬੰਧੀ ਪਰੇਸ਼ਾਨੀਆਂ ਕਾਰਨ ਕਾਂਸਟੇਬਲ ਯੋਗੇਂਦਰ ਨੂੰ ਹਸਪਤਾਲ 'ਚ ਦਾਖ਼ਲ ਕਰਵਲਾਇਆ ਗਿਆ, ਜਿੱਥੇ 25 ਜੂਨ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਮੰਗਲਵਾਰ ਨੂੰ ਉਨ੍ਹਾਂ ਨੇ ਹਸਪਤਾਲ 'ਚ ਹੀ ਆਖਰੀ ਸਾਹ ਲਿਆ। ਦੱਸਣਯੋਗ ਹੈ ਕਿ ਕੋਰੋਨਾ ਨਾਲ ਦਿੱਲੀ ਪੁਲਸ ਦੇ ਹੁਣ ਤੱਕ 10 ਜਵਾਨਾਂ ਦੀ ਮੌਤ ਹੋ ਚੁਕੀ ਹੈ। ਲਗਭਗ 2000 ਪੁਲਸ ਮੁਲਾਜ਼ਮਾਂ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ 'ਚੋਂ 1300 ਸਿਹਤਮੰਦ ਹੋ ਚੁਕੇ ਹਨ। ਰਾਜਧਾਨੀ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 50 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਨਫੈਕਟਡ ਹੋਏ ਵਿਅਕਤੀਆਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੋ ਚੁਕੀ ਹੈ।