ਦਿੱਲੀ 'ਚ ਐਨਕਾਊਂਟਰ ਦੌਰਾਨ ਚਾਰ ਬਦਮਾਸ਼ਾਂ ਨੂੰ ਲੱਗੀਆਂ ਗੋਲੀਆਂ, ਪੁਲਸ ਨੇ ਸਾਰਿਆਂ ਨੂੰ ਕੀਤਾ ਗ੍ਰਿਫ਼ਤਾਰ
Thursday, Oct 08, 2020 - 12:12 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਉੱਤਰ ਪੱਛਮੀ ਦਿੱਲੀ ਦੇ ਰੋਹਿਣੀ 'ਚ ਮੁਕਾਬਲੇ ਤੋਂ ਬਾਅਦ 4 ਵਾਂਟੇਡ ਬਦਮਾਸ਼ਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਸੋਨੂੰ ਮਿਤਰਾਨ (23), ਅਮਿਤ (26), ਰੋਹਿਤ (23) ਅਤੇ ਰਵਿੰਦਰ ਯਾਦਵ (31) ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਕਾਲਾ ਝਤਰੀ ਲਾਰੇਂਸ ਬਿਸ਼ਨੋਈ ਗਿਰੋਹ ਨਾਲ ਸੰਬੰਧਤ ਸਨ। ਇਹ ਕਤਲ, ਕਤਲ ਦੀ ਕੋਸ਼ਿਸ਼, ਗੋਲੀਬਾਰੀ, ਜ਼ਬਰਨ ਵਸੂਲੀ ਅਤੇ ਲੁੱਟਖੋਹ ਦੇ ਕਈ ਮਾਮਲਿਆਂ 'ਚ ਵਾਂਟੇਡ ਸਨ। ਦਿੱਲੀ ਪੁਲਸ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਯਾਦਵ ਨੇ ਕਿਹਾ,''ਸਾਡੇ ਦਲ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਅਤੇ ਐੱਨ.ਸੀ.ਆਰ. ਖੇਤਰ 'ਚ ਕਤਲ, ਕਤਲ ਦੀ ਕੋਸ਼ਿਸ਼, ਗੋਲੀਬਾਰੀ, ਜ਼ਬਰਨ ਵਸੂਲੀ ਅਤੇ ਲੁੱਟਖੋਹ ਦੇ ਕਈ ਮਾਮਲਿਆਂ 'ਚ ਵਾਂਟੇਡ ਗਿਰੋਹ ਦੇ ਬਦਮਾਸ਼ ਆਪਣੇ ਮੁਕਾਬਲੇਬਾਜ਼ਾਂ ਨੂੰ ਖਤਮ ਕਰਨ ਲਈ ਹਰਿਆਣਾ ਤੋਂ ਰੋਹਿਣੀ ਆਉਣਗੇ।'' ਉਨ੍ਹਾਂ ਨੇ ਦੱਸਿਆ ਕਿ ਤੜਕੇ ਕਰੀਬ ਸਾਢੇ 3 ਵਜੇ ਗਿਰੋਹ ਦੇ ਮੈਂਬਰ ਕੇਰਾ ਪਿੰਡ ਇਲਾਕੇ 'ਚ ਇਕ ਕਾਰ 'ਚ ਆਉਂਦੇ ਪਾਏ ਗਏ। ਉਨ੍ਹਾਂ ਨੂੰ ਰੁਕਣ ਦਾ ਸੰਕੇਤ ਦਿੱਤਾ ਗਿਆ ਪਰ ਉਨ੍ਹਾਂ ਨੇ ਬਚ ਕੇ ਦੌੜਨ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਪੁਲਸ ਫੋਰਸ ਰਸਤਾ ਰੋਕ ਕੇ ਉਨ੍ਹਾਂ ਨੂੰ ਰੋਕਣ 'ਚ ਸਫ਼ਲ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਹਥਿਆਰ ਕੱਢੇ ਅਤੇ ਪੁਲਸ ਦਲ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਤਿੰਨ ਰਾਊਂਡ ਗੋਲੀਆਂ ਚਲਾਈਆਂ। ਹਾਲਾਂਕਿ ਗੋਲੀਬਾਰੀ 'ਚ ਕੋਈ ਪੁਲਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਇਕ ਪੁਲਸ ਅਧਿਕਾਰੀ ਨੇ ਕਿਹਾ,''ਬਦਮਾਸ਼ਾਂ ਨੇ ਕੁੱਲ 22 ਗੋਲੀਆਂ ਚਲਾਈਆਂ, ਜਦੋਂ ਕਿ ਪੁਲਸ ਦਲ ਨੇ 28 ਗੋਲੀਆਂ ਚਲਾਈਆਂ।'' ਡੀ.ਸੀ.ਪੀ. ਨੇ ਦੱਸਿਆ ਕਿ ਚਾਰੇ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਰੋਹਿਣੀ ਸਥਿਤ ਬੀ.ਐੱਸ.ਏ. ਹਸਪਤਾਲ ਲੈ ਗਈ। ਪੁਲਸ ਨੇ ਦੱਸਿਆ ਕਿ ਬਦਮਾਸ਼ਾਂ ਕੋਲੋਂ 50 ਕਾਰਤੂਸ ਨਾਲ ਚਾਰ ਪਿਸਤੌਲ, 10 ਕਾਰਤੂਸ ਨਾਲ 2 ਦੇਸੀ ਪਿਸਤੌਲ, ਤਿੰਨ ਉੱਚ ਗੁਣਵੱਤਾ ਵਾਲੀਆਂ ਬੁਲੇਟਪਰੂਫ ਜੈਕੇਟਾਂ ਅਤੇ ਉੱਚ ਗੁਣਵੱਤਾ ਵਾਲੇ ਬੁਲੇਟਪਰੂਫ ਹੈਲਮੈਟ ਮਿਲੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।