ਮੁਖਰਜੀ ਨਗਰ ਮਾਮਲਾ : ਦਿੱਲੀ ਪੁਲਸ ਦੇ 2 ਕਰਮਚਾਰੀ ਬਰਖਾਸਤ
Thursday, Jul 25, 2019 - 10:26 AM (IST)

ਨਵੀਂ ਦਿੱਲੀ— ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿਚ ਇਕ ਸਿੱਖ ਵਾਹਨ ਚਾਲਕ ਦੀ ਕੁੱਟਮਾਰ ਦੇ ਮਾਮਲੇ ਵਿਚ ਜਾਂਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਦਿੱਲੀ ਪੁਲਸ ਨੇ 2 ਕਰਮਚਾਰੀਆਂ ਨੂੰ ਗੈਰ-ਪੇਸ਼ੇਵਰ ਰਵੱਈਆ ਅਪਣਾਉਣ 'ਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਪੁਲਸ ਨੇ ਉਕਤ ਜਾਣਕਾਰੀ ਦਿੱਤੀ। ਬੀਤੀ 16 ਜੂਨ ਨੂੰ ਹੋਈ ਇਸ ਘਟਨਾ ਵਿਚ ਟੈਂਪੂ ਚਾਲਕ ਅਤੇ ਪੁਲਸ ਦੀ ਗੱਡੀ ਵਿਚ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਸਿੱਖ ਵਾਹਨ ਚਾਲਕ ਸਰਬਜੀਤ ਅਤੇ ਪੁਲਸ ਕਰਮਚਾਰੀਆਂ ਵਿਚ ਬਹਿਸ ਹੋ ਗਈ ਜੋ ਜਲਦੀ ਹੀ ਹਿੰਸਕ ਹੋ ਗਈ। ਜਾਂਚ ਤੋਂ ਬਾਅਦ ਪਤਾ ਚਲਿਆ ਕਿ ਕਾਂਸਟੇਬਲ ਪੁਸ਼ਪਿੰਦਰ ਸ਼ੇਖਾਵਤ ਅਤੇ ਕਾਂਸਟੇਬਲ ਸਤਿਆਪ੍ਰਕਾਸ਼ ਤੋਂ ਇਸ ਮਾਮਲੇ ਵਿਚ ਗਲਤੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਤੋਂ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ।
ਕੇਜਰੀਵਾਲ ਨੇ ਕੀਤੀ ਸੀ ਘਟਨਾ ਦੀ ਨਿੰਦਾ
ਸਿੱਖ ਡਰਾਈਵਰ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਦੇ ਮਾਮਲੇ ਨੇ ਵੱਡਾ ਸਿਆਸੀ ਤੂਲ ਪੜਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਉਨ੍ਹਾਂ ਨੇ ਬਜ਼ੁਰਗ ਸਿੱਖ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ ਸੀ। ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਸੀ ਕਿ ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਦਿੱਲੀ ਦੇ ਮੁਖਰਜੀ ਨਗਰ 'ਚ ਆਟੋ ਡਰਾਈਵਰ ਅਤੇ ਉਸ ਦੇ ਨਾਬਾਲਗ ਬੇਟੇ ਦੀ ਕੁੱਟਮਾਰ ਮਾਮਲੇ 'ਚ ਪੁਲਸ ਨੇ ਆਪਣੀ ਰਿਪੋਰਟ ਤਿਆਰ ਕੀਤੀ ਸੀ। ਇਸ ਰਿਪੋਰਟ 'ਚ ਪੁਲਸ ਨੇ ਆਟੋ ਡਰਾਈਵਰ ਸਰਬਜੀਤ ਅਤੇ ਉਸ ਦੇ ਬੇਟੇ ਨੂੰ ਹੀ ਦੋਸ਼ੀ ਦੱਸਿਆ ਹੈ। ਰਿਪੋਰਟ 'ਚ ਪੁਲਸ ਵਲੋਂ ਇਹ ਕਿਹਾ ਗਿਆ ਹੈ ਕਿ ਸਿੱਖ ਡਰਾਈਵਰ ਨੇ ਪੁਲਸ 'ਤੇ ਤਲਵਾਰ ਨਾਲ ਵਾਰ ਕੀਤਾ, ਜਦੋਂ ਕਿ ਬੇਟੇ ਨੇ ਆਟੋ ਨਾਲ ਕਾਂਸਟੇਬਲ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।
ਸਿੱਖ ਡਰਾਈਵਰ 'ਤੇ ਤਿੰਨ ਵਾਰ ਕੁੱਟਮਾਰ ਦੇ ਕੇਸ ਦਰਜ
ਪੁਲਸ ਨੇ ਦਾਅਵਾ ਕੀਤਾ ਸੀ ਕਿ ਸਰਬਜੀਤ ਦਾ ਪਹਿਲੇ ਤੋਂ ਅਪਰਾਧਕ ਬੈਕਗਰਾਊਂਡ ਰਿਹਾ ਹੈ ਅਤੇ ਉਸ ਨੇ ਪਹਿਲਾਂ ਵੀ ਕਈ ਵਾਰ ਕੁੱਟਮਾਰ ਕੀਤੀ ਹੈ। 2006 'ਚ ਹੁਣ ਤੱਕ ਉਨ੍ਹਾਂ 'ਤੇ ਤਿੰਨ ਵਾਰ ਕੁੱਟਮਾਰ ਦੇ ਕੇਸ ਦਰਜ ਹੋਏ ਹਨ। ਸਰਬਜੀਤ ਸਿੰਘ 'ਤੇ ਇਸੇ ਸਾਲ ਅਪ੍ਰੈਲ 'ਚ ਗੁਰਦੁਆਰਾ ਬੰਗਲਾ ਸਾਹਿਬ ਦੇ ਇਕ ਸੇਵਾਦਾਰ ਨੇ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਸੀ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਦਿੱਲੀ 'ਚ ਆਟੋ ਡਰਾਈਵਰ ਸਰਬਜੀਤ ਨੇ ਪੁਲਸ ਕਰਮਚਾਰੀਆਂ 'ਤੇ ਤਲਵਾਰ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਵਾਲਿਆਂ ਨੇ ਸਰਬਜੀਤ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਕਰ ਦਿੱਤੀ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਸਿਲਸਿਲੇ 'ਚ 2 ਐੱਫ.ਆਈ.ਆਰ. ਦਰਜ ਹੋਈਆਂ ਸਨ ਅਤੇ ਇਹ ਕ੍ਰਾਸ ਕੇਸ ਹੈ। ਇਕ 'ਚ ਸ਼ਿਕਾਇਤਕਰਤਾ ਸਰਬਜੀਤ ਹੈ ਤਾਂ ਉੱਥੇ ਹੀ ਦੂਜੇ 'ਚ ਸ਼ਿਕਾਇਤਕਰਤਾ ਦੋਸ਼ੀ ਹਨ।