ਪੁਲਸ ਨੇ ਕੀਤਾ ਐਨਕਾਊਂਟਰ, ਕਾਂਸਟੇਬਲ ਕਤਲ ਦਾ ਮੁੱਖ ਮੁਲਜ਼ਮ ਮੁਕਾਬਲੇ ''ਚ ਢੇਰ

Sunday, Nov 24, 2024 - 09:56 AM (IST)

ਪੁਲਸ ਨੇ ਕੀਤਾ ਐਨਕਾਊਂਟਰ, ਕਾਂਸਟੇਬਲ ਕਤਲ ਦਾ ਮੁੱਖ ਮੁਲਜ਼ਮ ਮੁਕਾਬਲੇ ''ਚ ਢੇਰ

ਨਵੀਂ ਦਿੱਲੀ- ਦਿੱਲੀ ਪੁਲਸ ਦੇ ਇਕ ਕਾਂਸਟੇਬਲ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਇਕ ਦਿਨ ਬਾਅਦ ਇਸ ਮਾਮਲੇ ਦਾ ਮੁੱਖ ਦੋਸ਼ੀ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ 'ਚ ਪੁਲਸ ਨਾਲ ਮੁਕਾਬਲੇ 'ਚ ਮਾਰਿਆ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ-ਪੂਰਬੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿਚ ਰਾਤ ਦੀ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੇ ਕਾਂਸਟੇਬਲ ਕਿਰਨ ਪਾਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਦੋ ਮੁਲਜ਼ਮਾਂ ਦੀਪਕ ਮੈਕਸ ਅਤੇ ਕ੍ਰਿਸ਼ ਗੁਪਤਾ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਪੈਸ਼ਲ ਸੈੱਲ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਤੀਜਾ ਦੋਸ਼ੀ ਰਾਘਵ ਸੰਗਮ ਵਿਹਾਰ 'ਚ ਲੁਕਿਆ ਹੋਇਆ ਸੀ।

ਮੁਲਜ਼ਮ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਸ ਨੇ ਪੁਲਸ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰਦਿਆਂ ਪੁਲਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਮਗਰੋਂ ਪੁਲਸ ਮੁਲਾਜ਼ਮਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਜਿਸ 'ਚ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਓਖਲਾ ਦੇ ਈ. ਐਸ. ਆਈ. ਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ 'ਚ ਕੋਈ ਪੁਲਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਅਤੇ ਉਨ੍ਹਾਂ ਨੇ ਇਕ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ।

ਦੱਸ ਦੇਈਏ ਕਿ ਕਾਂਸਟੇਬਲ ਕਿਰਨ ਪਾਲ ਗੋਵਿੰਦਪੁਰੀ ਪੁਲਸ ਥਾਣੇ 'ਚ ਕੰਮ ਕਰਦਾ ਸੀ ਅਤੇ ਰਾਤ ਦੀ ਗਸ਼ਤ 'ਤੇ ਸੀ। ਉਨ੍ਹਾਂ ਨੇ ਸ਼ਨੀਵਾਰ ਤੜਕੇ ਇਕ ਸਕੂਟਰੀ 'ਤੇ ਸਵਾਰ ਤਿੰਨ ਲੋਕਾਂ ਨੂੰ ਰੋਕਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਕਾਂਸਟੇਬਲ 'ਤੇ ਪੱਥਰ ਸੁੱਟੇ ਪਰ ਕਾਂਸਟੇਬਲ ਨੇ ਉਨ੍ਹਾਂ ਦੀ ਗੱਡੀ ਅੱਗੇ ਆਪਣਾ ਮੋਟਰਸਾਈਕਲ ਰੋਕ ਲਿਆ ਅਤੇ ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਨੇ ਮੁਲਜ਼ਮਾਂ ਦੇ ਸਕੂਟਰੀ ਦੀ ਚਾਬੀ ਵੀ ਖੋਹ ਲਈ ਅਤੇ ਤਿੰਨਾਂ ਤੋਂ ਪੁੱਛਗਿੱਛ ਕਰਨ ਲੱਗੇ ਪਰ ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।


author

Tanu

Content Editor

Related News