ਦਿੱਲੀ ਪੁਲਸ ਨੇ ‘ਗਲਾ ਘੋਟੂ ਗੈਂਗ’ ਦਾ ਸਰਗਰਮ ਮੈਂਬਰ ਦਬੋਚਿਆ
Monday, Oct 27, 2025 - 10:47 AM (IST)
ਨੈਸ਼ਨਲ ਡੈਸਕ : ਦਿੱਲੀ ਪੁਲਸ ਨੇ ਅਪਰਾਧ ’ਤੇ ਨੁਕੇਲ ਕੱਸਦੇ ਹੋਏ ਇਕ ਵਾਰ ਫਿਰ ਬਹਾਦਰੀ ਵਿਖਾਈ ਹੈ। ਸਾਊਥ ਈਸਟ ਡਿਸਟ੍ਰਿਕਟ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ‘ਗਲਾ ਘੋਟੂ ਗੈਂਗ’ ਦੇ ਇਕ ਸਰਗਰਮ ਮੈਂਬਰ ਹਿਮਾਂਸ਼ੂ ਨੂੰ ਸ਼ਨੀਵਾਰ ਰਾਤ ਇਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਬਦਰਪੁਰ ਫਲਾਈਓਵਰ ਦੇ ਕੋਲ ਪੁਲਸ ਅਤੇ ਗੈਂਗਸਟਰ ਹਿਮਾਂਸ਼ੂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਹਿਮਾਂਸ਼ੂ ਦੀ ਲੱਤ ’ਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਦਬੋਚ ਲਿਆ। ਜ਼ਖ਼ਮੀ ਹਿਮਾਂਸ਼ੂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਿਮਾਂਸ਼ੂ ਪੁਲ ਪ੍ਰਹਿਲਾਦਪੁਰ ਇਲਾਕੇ ’ਚ ਹਾਲ ਹੀ ’ਚ ਹੋਈ ਇਕ ਸਨਸਨੀਖੇਜ਼ ਲੁੱਟ ਦੀ ਵਾਰਦਾਤ ’ਚ ਲੋੜੀਂਦਾ ਸੀ। ਉਸ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਫੂਡ ਡਲਿਵਰੀ ਐਗਜ਼ੀਕਿਊਟਿਵ ਦਾ ਗਲਾ ਘੁਟ ਕੇ ਲੁੱਟ-ਖੋਹ ਕੀਤੀ ਸੀ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਸੀ, ਜਿਸ ’ਚ ਅਪਰਾਧੀ ਡਲਿਵਰੀ ਐਗਜ਼ੀਕਿਊਟਿਵ ਦਾ ਗਲਾ ਘੁਟਦੇ ਹੋਏ ਅਤੇ ਫਿਰ ਮੌਕੇ ਤੋਂ ਫਰਾਰ ਹੁੰਦੇ ਵਿਖਾਈ ਦਿੱਤੇ ਸਨ। ਹਿਮਾਂਸ਼ੂ ਦੇ ਖਿਲਾਫ ਪਹਿਲਾਂ ਵੀ ਅਗਵਾ ਅਤੇ ਲੁੱਟ-ਖੋਹ ਦੇ ਕਈ ਗੰਭੀਰ ਮਾਮਲੇ ਦਰਜ ਹਨ।
