ਧਰਮ ਬਦਲਣ ’ਤੇ ਮਿਲੇਗੀ ਸਰਕਾਰੀ ਨੌਕਰੀ, ਨੌਜਵਾਨ ਯੂਟਿਊਬ ’ਤੇ ਵੀਡੀਓ ਦਿਖਾ ਕੇ ਕਰਦਾ ਸੀ ਬ੍ਰੇਨਵਾਸ਼, ਗ੍ਰਿਫ਼ਤਾਰ
Tuesday, Jun 13, 2023 - 09:12 PM (IST)
ਨੈਸ਼ਨਲ ਡੈਸਕ : ਦਿੱਲੀ ਪੁਲਸ ਨੇ ਮੁਹੰਮਦ ਕਲੀਮ (28) ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਮੁਹੰਮਦ ਕਲੀਮ ’ਤੇ ਦੋਸ਼ ਹੈ ਕਿ ਉਸਨੇ ਚਾਂਦਨੀ ਮਹਿਲ ਥਾਣਾ ਖੇਤਰ ਦੇ ਤੁਰਕਮਾਨ ਗੇਟ ’ਤੇ ਬਣੇ ਰੈਣ ਬਸੇਰੇ ਦੇ ਕੇਅਰਟੇਕਰ ਸੰਦੀਪ ਸਾਗਰ ਨੂੰ ਮੁਸਲਿਮ ਧਰਮ ਅਪਣਾਉਣ ਦਾ ਦਬਾਅ ਬਣਾਇਆ ਅਤੇ ਪੈਸਿਆਂ ਦਾ ਲਾਲਚ ਵੀ ਦਿੱਤਾ। ਦੋਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਉਹ ਆਪਣਾ ਧਰਮ ਬਦਲ ਦੇਵੇਗਾ ਤਾਂ ਉਹ ਉਸ ਨੂੰ ਸਰਕਾਰੀ ਨੌਕਰੀ ਵੀ ਲਗਵਾ ਦੇਵੇਗਾ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਹਿੰਦੂ ਧਰਮ ਬਾਰੇ ਗ਼ਲਤ ਗੱਲਾਂ ਵੀ ਬੋਲਦਾ ਸੀ ਅਤੇ ਯੂ-ਟਿਊਬ ’ਤੇ ਧਾਰਮਿਕ ਵੀਡੀਓ ਦਿਖਾ ਕੇ ਹਿੰਦੂ ਧਰਮ ਦਾ ਬਾਈਕਾਟ ਕਰਨ ਦੀਆਂ ਗੱਲਾਂ ਵੀ ਕਰਦਾ ਸੀ। ਦਿੱਲੀ ਪੁਲਸ ਨੇ ਮੁਲਜ਼ਮ ਖ਼ਿਲਾਫ਼ 9 ਜੂਨ ਨੂੰ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ’ਤੇ ਆਈ.ਪੀ.ਸੀ. ਦੀ ਧਾਰਾ 153ਏ ਅਤੇ 295ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਹਿੰਦੂ ਧਰਮ ਦਾ ਬਾਈਕਾਟ ਕਰਨ ਨੂੰ ਕਹਿੰਦਾ ਸੀ ਕਲੀਮ
ਸ਼ਿਕਾਇਤ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਕਲੀਮ ਕੇਅਰਟੇਕਰ ਸੰਦੀਪ ਨੂੰ ਯੂ-ਟਿਊਬ ’ਤੇ ਇਸਲਾਮ ਧਰਮ ਨਾਲ ਸਬੰਧਿਤ ਵੀਡੀਓ ਦਿਖਾਉਂਦਾ ਸੀ ਅਤੇ ਕਹਿੰਦਾ ਸੀ ਕਿ ਹਿੰਦੂ ਧਰਮ ’ਚ ਕੋਈ ਵਿਸ਼ੇਸ਼ਤਾ ਨਹੀਂ ਹੈ। ਵੀਡੀਓ ਰਾਹੀਂ ਉਹ ਹਿੰਦੂ ਧਰਮ ਦਾ ਬਾਈਕਾਟ ਕਰਨ ਨੂੰ ਕਹਿੰਦਾ ਸੀ ਅਤੇ ਹਿੰਦੂ ਧਰਮ ਬਾਰੇ ਗ਼ਲਤ ਗੱਲਾਂ ਬੋਲਦਾ ਸੀ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ’ਚ ਕਈ ਅਜਿਹੇ ਧਰਮ ਪਰਿਵਰਤਨ ਵਾਲੇ ਮਾਮਲਿਆਂ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ ਹਨ। ਹਾਲ ਹੀ 'ਚ ਗਾਜ਼ੀਆਬਾਦ 'ਚ ਆਨਲਾਈਨ ਗੇਮ ਦੀ ਆੜ 'ਚ ਇਕ ਮੌਲਵੀ ਸਮੇਤ ਦੋ ਲੋਕਾਂ ਨੇ 17 ਸਾਲ ਦੇ ਲੜਕੇ ਦਾ ਨਾ ਸਿਰਫ ਧਰਮ ਪਰਿਵਰਤਨ ਕੀਤਾ, ਸਗੋਂ ਉਸ ਨੂੰ ਪੰਜ ਸਮੇਂ ਦਾ ਨਮਾਜ਼ੀ ਵੀ ਬਣਾ ਦਿੱਤਾ, ਜਦੋਂ ਪਰਿਵਾਰ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਲੜਕੇ ਦੇ ਪਿਤਾ ਨੇ ਦੋ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਤੋਂ ਪਰਦਾ ਉੱਠ ਗਿਆ। ਇੰਨਾ ਹੀ ਨਹੀਂ, ਇਸ ਪਰਿਵਰਤਨ ਦੇ ਕਨੈਕਸ਼ਨ ਮੁੰਬਈ ਅਤੇ ਦੁਬਈ ਨਾਲ ਵੀ ਜੁੜੇ ਹੋਏ ਹਨ।