ਦਿੱਲੀ ਚੋਣਾਂ ''ਚ ਪਹਿਲੀ ਵਾਰ ਵੋਟ ਪਾਉਣਗੇ ਪਾਕਿਸਤਾਨੀ ਹਿੰਦੂ ਸ਼ਰਨਾਰਥੀ
Wednesday, Jan 15, 2025 - 06:13 PM (IST)

ਨਵੀਂ ਦਿੱਲੀ- ਦਿੱਲੀ ਦੀ ਪੁਨਰਵਾਸ ਬਸਤੀ ਮਜਨੂੰ ਕਾ ਟੀਲਾ ਇਲਾਕੇ ਕੋਲ ਤੰਗ ਗਲੀਆਂ ਅਤੇ ਅਸਥਾਈ ਘਰਾਂ 'ਚ ਰਹਿਣ ਵਾਲੇ ਪਾਕਿਸਤਾਨੀ ਸ਼ਰਨਾਰਥੀ ਪਹਿਲੀ ਵਾਰ ਦੇਸ਼ 'ਚ ਮਾਣ ਅਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਨਾਲ ਆਪਣੀ ਵੋਟ ਪਾਉਣ ਦੀ ਤਿਆਰੀ ਕਰ ਰਹੇ ਹਨ, ਜਿਸ ਨੂੰ ਉਹ ਹੁਣ ਆਪਣਾ ਘਰ ਕਹਿੰਦੇ ਹਨ। ਪਾਕਿਸਤਾਨ 'ਚ ਅਤਿਆਚਾਰ ਤੋਂ ਬਚਣ ਲਈ ਦੌੜ ਕੇ ਆਏ ਇਹ ਮਰਦ ਅਤੇ ਔਰਤਾਂ, ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਹਨ। ਉਹ ਬਹੁਤ ਸਮੇਂ ਤੋਂ ਇਹ ਹੱਕ ਚਾਹੁੰਦਾ ਸੀ। ਉਨ੍ਹਾਂ ਲਈ, ਇਹ ਦਿੱਲੀ ਵਿਧਾਨ ਸਭਾ ਚੋਣ ਸਿਰਫ਼ ਵੋਟ ਪਾਉਣ ਬਾਰੇ ਨਹੀਂ ਹੈ, ਸਗੋਂ ਇਹ ਭਾਰਤੀ ਨਾਗਰਿਕਾਂ ਵਜੋਂ ਉਨ੍ਹਾਂ ਦੀ ਪਛਾਣ ਦਾ ਪ੍ਰਤੀਕਾਤਮਕ ਦਾਅਵਾ ਵੀ ਹੈ। ਇਨ੍ਹਾਂ 'ਚੋਂ ਬਹੁਤ ਸਾਰੇ ਪਰਿਵਾਰ, ਜੋ 2013 ਤੋਂ ਦਿੱਲੀ 'ਚ ਵਸ ਗਏ ਹਨ, ਹੁਣ ਇਕ ਸਨਮਾਨਜਨਕ ਜੀਵਨ ਅਤੇ ਰਾਜਨੀਤਿਕ ਭਾਗੀਦਾਰੀ ਦੇ ਆਪਣੇ ਸੁਫਨੇ ਸਾਕਾਰ ਹੁੰਦੇ ਦੇਖ ਰਹੇ ਹਨ। ਬਸਤੀ ਦੇ ਬਾਹਰ ਮੋਬਾਈਲ ਕਵਰ ਵੇਚਣ ਵਾਲੀ ਇਕ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਸਤਰਾਮ (22) ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ,''ਮੈਂ 2013 ਤੋਂ ਇੱਥੇ ਰਹਿ ਰਿਹਾ ਹਾਂ ਅਤੇ ਚੋਣਾਂ 'ਚ ਵੋਟ ਪਾਵਾਂਗਾ। ਆਖਰਕਾਰ ਵੋਟਰਾਂ ਦਾ ਹਿੱਸਾ ਬਣ ਕੇ ਚੰਗਾ ਲੱਗ ਰਿਹਾ ਹੈ। ਮੈਂ ਅਤੇ ਮੇਰੇ ਮਾਤਾ-ਪਿਤਾ ਸਾਡੇ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਵੋਟ ਪਾਵਾਂਗੇ। ਚੁਣੌਤੀਆਂ ਦੇ ਬਾਵਜੂਦ, ਸਾਨੂੰ ਵਿਸ਼ਵਾਸ ਹੈ ਕਿ ਅਸੀਂ ਅੱਗੇ ਵਧ ਸਕਦੇ ਹਾਂ।''
ਇਹ ਵੀ ਪੜ੍ਹੋ : Mark Zuckerberg ਦਾ ਵੱਡਾ ਦਾਅਵਾ : ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਆਵੇਗੀ ਇਹ Technology
ਇਨ੍ਹਾਂ ਸ਼ਰਨਾਰਥੀਆਂ ਦਾ ਸੰਘਰਸ਼ ਸਿਰਫ਼ ਬੀਤੇ ਸਮੇਂ ਤੱਕ ਸੀਮਿਤ ਨਹੀਂ ਹੈ। ਸਾਫ਼ ਸਫਾਈ, ਬਿਜਲੀ ਦੀ ਲਾਗਤ, ਸਿੱਖਿਆ ਅਤੇ ਰਿਹਾਇਸ਼ ਵਰਗੇ ਮੁੱਦੇ ਉਨ੍ਹਾਂ ਦੀਆਂ ਚਿੰਤਾਵਾਂ 'ਤੇ ਹਾਵੀ ਹਨ। ਆਰਥਿਕ ਕਠਿਨਾਈਆਂ ਕਾਰਨ ਸਕੂਲ ਛੱਡ ਚੁੱਕੀ ਮੋਹਿਨੀ (18) ਨੇ ਆਪਣੀਆਂ ਇੱਛਾਵਾਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ,''ਮੈਂ ਹਮੇਸ਼ਾ ਪੁਲਸ ਅਫ਼ਸਰ ਬਣਨਾ ਚਾਹੁੰਦੀ ਸੀ ਪਰ ਹੁਣ ਇਹ ਸੁਫਨਾ ਅਸੰਭਵ ਜਾਪਦਾ ਹੈ। ਸਰਕਾਰ ਤੋਂ ਮੇਰੀ ਇੱਕੋ ਇੱਕ ਉਮੀਦ ਹੈ ਕਿ ਮੈਨੂੰ ਕੁਝ ਹੁਨਰ-ਅਧਾਰਤ ਮੌਕੇ ਮਿਲਣ ਤਾਂ ਜੋ ਮੈਂ ਸਨਮਾਨ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਾਂ।'' ਬਲਦੇਵੀ (35) ਵਰਗੀਆਂ ਔਰਤਾਂ ਲਈ, ਵੋਟ ਪਾਉਣਾ ਨਾ ਸਿਰਫ਼ ਸਸ਼ਕਤੀਕਰਨ ਦਾ ਪ੍ਰਤੀਕ ਹੈ, ਸਗੋਂ ਆਪਣੇ ਭਾਈਚਾਰੇ ਦੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਮੌਕਾ ਵੀ ਹੈ। ਉਨ੍ਹਾਂ ਕਿਹਾ,''ਅਸੀਂ ਇੱਥੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਲਈ ਪੱਕੇ ਘਰ ਬਣਾਏ। ਇਹ ਇਲਾਕਾ ਸਾਡੇ ਲਈ ਜਾਣਿਆ ਪਛਾਣਿਆ ਹੈ। ਕਿਤੇ ਹੋਰ ਜਾਣ ਦਾ ਮਤਲਬ ਹੈ ਸ਼ੁਰੂ ਤੋਂ ਸ਼ੁਰੂਆਤ ਕਰਨਾ। ਕੁਝ ਲੋਕ ਵੋਟ ਪਾਉਣ ਦੀ ਤਿਆਰੀ ਕਰ ਰਹੇ ਹਨ ਜਦੋਂ ਕਿ ਸ਼ਰਨਾਰਥੀਆਂ ਦਾ ਇਕ ਨਵਾਂ ਸਮੂਹ ਹਾਲ ਹੀ 'ਚ ਆਇਆ ਹੈ, ਜੋ ਨਾਗਰਿਕਤਾ ਦੀ ਉਡੀਕ ਕਰਦੇ ਹੋਏ ਅਨਿਸ਼ਚਿਤਤਾ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਸ਼ਿਵੀਰਾਮ (36) ਵਰਗੇ ਕਈ ਲੋਕ ਸਿਰਫ਼ ਇਕ ਮਹੀਨੇ ਪਹਿਲਾਂ ਹੀ ਇੱਥੇ ਆਏ ਹਨ ਅਤੇ ਉਹ ਭਾਰਤ 'ਚ ਆਪਣੇ ਭਵਿੱਖ ਨੂੰ ਲੈ ਕੇ ਆਸਵੰਦ ਹਨ। ਦੱਸਣਯੋਗ ਹੈ ਕਿ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ ਜਦੋਂ ਕਿ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8