ਦਿੱਲੀ-ਐੱਨ. ਸੀ. ਆਰ. ਦੀ ਹਵਾ ਖਰਾਬ, ਕਈ ਪਾਬੰਦੀਆਂ ਲਾਗੂ

Sunday, Oct 22, 2023 - 03:50 PM (IST)

ਦਿੱਲੀ-ਐੱਨ. ਸੀ. ਆਰ. ਦੀ ਹਵਾ ਖਰਾਬ, ਕਈ ਪਾਬੰਦੀਆਂ ਲਾਗੂ

ਨਵੀਂ ਦਿੱਲੀ, (ਬਿਊਰੋ)– ਦਿੱਲੀ-ਐੱਨ. ਸੀ. ਆਰ. ਵਿਚ ਹਵਾ ਦੀ ਦਿਸ਼ਾ ਬਦਲਣ ਤੇ ਰਫਤਾਰ ਘੱਟ ਹੋਣ ਨਾਲ ਹਵਾ ਗੁਣਵੱਤਾ ਖਰਾਬ ਪੱਧਰ ’ਤੇ ਪੁੱਜ ਗਈ ਹੈ। ਅਗਲੇ ਹਫਤੇ ਪ੍ਰਦੂਸ਼ਣ ਪੱਧਰ ਵਿਚ ਸੰਭਾਵਿਤ ਵਾਧਾ ਹੋਣ ਵਾਲਾ ਹੈ। 23 ਅਤੇ 24 ਅਕਤੂਬਰ ਨੂੰ ਦਿੱਲੀ ਦੀ ਸਮੁੱਚੀ ਹਵਾ ਗੁਣਵੱਤਾ ਦੇ ਡਿੱਗ ਕੇ ਬਹੁਤ ਖਰਾਬ ਸ਼੍ਰੇਣੀ ਵਿਚ ਜਾਣ ਦਾ ਖਦਸ਼ਾ ਹੈ। ਇਸ ਨੂੰ ਦੇਖਦੇ ਹੋਏ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਨੇ ਹਵਾ ਪ੍ਰਦੂਸ਼ਣ ’ਤੇ ਪਾਬੰਦੀ ਲਾਉਣ ਲਈ ਦਿੱਲੀ-ਐੱਨ. ਸੀ. ਆਰ. ਵਿਚ ਗ੍ਰੇਪ-2 ਤਹਿਤ ਪਾਬੰਦੀਆਂ ਲਾਗੂ ਕੀਤੀਆਂ ਹਨ।

ਕਮਿਸ਼ਨ ਨੇ ਪ੍ਰਦੂਸ਼ਣ ਵਿਚ ਵਾਧੇ ਦੇ ਖਦਸ਼ੇ ਦਰਮਿਆਨ ਸ਼ਨੀਵਾਰ ਨੂੰ ਕੌਮੀ ਰਾਜਧਾਨੀ ਖੇਤਰ ਦੇ ਅਧਿਕਾਰੀਆਂ ਨੂੰ ਨਿੱਜੀ ਟਰਾਂਸਪੋਰਟ ਨੂੰ ਨਿਰਾਸ਼ ਕਰਨ ਲਈ ਪਾਰਕਿੰਗ ਚਾਰਜ ਵਿਚ ਵਾਧਾ ਅਤੇ ਸੀ. ਐੱਨ. ਜੀ. ਤੇ ਇਲੈਕਟ੍ਰਿਕ ਬੱਸਾਂ, ਮੈਟਰੋ ਸੇਵਾਵਾਂ ਨੂੰ ਉਤਸ਼ਾਹ ਦੇਣ ਦਾ ਨਿਰਦੇਸ਼ ਦਿੱਤਾ। ਸਰਦੀਆਂ ਦੌਰਾਨ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ-ਐੱਨ. ਸੀ. ਆਰ. ਵਿਚ ਲਾਗੂ ਕੀਤੀ ਜਾਣ ਵਾਲੀ ਕੇਂਦਰ ਸਰਕਾਰ ਦੀ ਪੜਾਅਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਜੀ. ਆਰ. ਏ. ਪੀ.) ਦੇ ਦੂਜੇ ਪੜਾਅ ਤਹਿਤ ਇਹ ਨਿਰਦੇਸ਼ ਦਿੱਤਾ ਗਿਆ ਹੈ।

ਸ਼ਨੀਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ (ਏ. ਿਕਊ. ਆਈ.) 248 ਦਰਜ ਕੀਤਾ ਗਿਆ, ਜੋ ਕਿ ਖਰਾਬ ਸ਼੍ਰੇਣੀ ਹੈ। ਉਥੇ ਹੀ ਸ਼ੁੱਕਰਵਾਰ ਦੇ ਮੁਕਾਬਲੇ 53 ਸੂਚਕ ਅੰਕ ਦਾ ਵਾਧਾ ਹੋਇਆ ਹੈ। ਉਥੇ ਹੀ 3 ਇਲਾਕਿਆਂ ਵਿਚ ਹਵਾ ਬੇਹੱਦ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਨਾਲ ਹੀ 24 ਇਲਾਕਿਆਂ ਵਿਚ ਹਵਾ ਖਰਾਬ ਸ਼੍ਰੇਣੀ ਅਤੇ 4 ਇਲਾਕਿਆਂ ਵਿਚ ਹਵਾ ਦਰਮਿਆਨੀ ਸ਼੍ਰੇਣੀ ਵਿਚ ਦਰਜ ਕੀਤੀ ਗਈ।

ਐੱਨ. ਸੀ. ਆਰ. ਵਿਚ ਗ੍ਰੇਟਰ ਨੋਇਡਾ ਦਾ ਸਭ ਤੋਂ ਵਧ ਸੂਚਕ ਅੰਕ ਦਰਜ ਕੀਤਾ ਗਿਆ। ਉਥੇ ਹੀ ਸਮੁੱਚੇ ਰੂਪ ਨਾਲ ਦਿੱਲੀ ਦਾ ਏ. ਕਿਊ. ਆਈ. ਖਰਾਬ ਸ਼੍ਰੇਣੀ ਵਿਚ ਬਰਕਰਾਰ ਰਿਹਾ। ਇਹੀ ਸਥਿਤੀ ਐਤਵਾਰ ਨੂੰ ਵੀ ਬਣੇ ਰਹਿਣ ਦਾ ਅਨੁਮਾਨ ਹੈ।

ਪਹਿਲੇ ਪੜਾਅ ’ਚ ਪ੍ਰਾਜੈਕਟਾਂ ਦਾ ਕੰਮ ਰੋਕਣ ਦਾ ਹੁਕਮ

ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿਚ 500 ਵਰਗ ਮੀਟਰ ਦੇ ਬਰਾਬਰ ਜਾਂ ਉਸ ਤੋਂ ਵਧ ਦੇ ਉਨ੍ਹਾਂ ਭੂ-ਖੰਡਾਂ ਦੇ ਨਿਰਮਾਣ ਅਤੇ ਤੋੜਭੰਨ ਵਾਲੇ ਪ੍ਰਾਜੈਕਟਾਂ, ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਅਤੇ ਤਾਪ ਊਰਜਾ ਪਲਾਂਟਾਂ ਖਿਲਾਫ ਸਜ਼ਾਯੋਗ ਕਾਰਵਾਈ ਕੀਤੀ ਜਾਂਦੀ ਹੈ ਅਤੇ ਹੋਟਲ, ਰੈਸਟੋਰੈਂਟਾਂ ਅਤੇ ਖੁੱਲ੍ਹੇ ਢਾਬਿਆਂ ਦੇ ਤੰਦੂਰ ਵਿਚ ਕੋਲੇ ਅਤੇ ਲਕੜੀ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਜਾਂਦੀ ਹੈ।

ਦਿੱਲੀ ’ਚ 15 ਅਕਤੂਬਰ ਤੱਕ 1.5 ਲੱਖ ਤੋਂ ਵਧ ਚਾਲਾਨ

ਕੌਮੀ ਰਾਜਧਾਨੀ ਵਿਚ ਬਿਨਾਂ ਪ੍ਰਦੂਸ਼ਣ ਕੰਟਰੋਲ ਪ੍ਰਮਾਣ ਪੱਤਰ (ਪੀ. ਯੂ. ਸੀ. ਸੀ.) ਦੇ ਵਾਹਨ ਚਲਾਉਣ ਵਾਲੇ ਲੋਕਾਂ ’ਤੇ ਇਸ ਸਾਲ 15 ਅਕਤੂਬਰ ਤੱਕ ਡੇਢ ਲੱਖ ਤੋਂ ਵਧ ਚਾਲਾਨ ਕੀਤੇ ਗਏ। ਦਿੱਲੀ ਟ੍ਰੈਫਿਕ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਟ੍ਰੈਫਿਕ ਪੁਲਸ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਸਾਲ 15 ਅਕਤੂਬਰ ਤੱਕ ਕੁਲ 1,58,762 ਚਾਲਾਨ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਇਸੇ ਮਿਆਦ ਦੌਰਾਨ ਜਾਰੀ ਚਾਲਾਨਾਂ ਦੀ ਗਿਣਤੀ ਨਾਲੋਂ 50,662 ਵਧ ਹਨ। ਅੰਕੜਿਆਂ ਮੁਤਾਬਕ 1 ਜਨਵਰੀ ਤੋਂ 15 ਅਕਤੂਬਰ ਦੀ ਮਿਆਦ ਦੌਰਾਨ 2021 ਵਿਚ 52,388 ਅਤੇ 2022 ਵਿਚ 1,08,100 ਚਾਲਾਨ ਜਾਰੀ ਕੀਤੇ ਗਏ ਸਨ।


author

Rakesh

Content Editor

Related News