ਇਕੋ ਜਾਤ 'ਚ ਕਰਵਾਇਆ ਵਿਆਹ ਤਾਂ ਕੁੜੀ ਦੀ ਹੱਤਿਆ ਕਰ ਲਾਸ਼ ਨਹਿਰ 'ਚ ਸੁੱਟ ਆਏ ਮਾਪੇ

02/22/2020 12:59:33 PM

ਨਵੀਂ ਦਿੱਲੀ— ਆਨਰ ਕਿਲਿੰਗ ਯਾਨੀ ਕਿ ਇੱਜ਼ਤ ਖਾਤਰ ਪਿਆਰ ਕਰਨ ਵਾਲਿਆਂ ਦੀ ਕੀਤੀ ਗਈ ਹੱਤਿਆ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਦਿੱਲੀ ਦੇ ਨਿਊ ਅਸ਼ੋਕ ਨਗਰ ਇਲਾਕੇ 'ਚ ਜਿੱਥੇ ਇਕ ਕੁੜੀ ਦੀ ਹੱਤਿਆ ਕਰ ਕੇ ਉਸ ਦਾ ਪਰਿਵਾਰ ਲਾਸ਼ ਨੂੰ 100 ਕਿਲੋਮੀਟਰ ਦੂਰ ਅਲੀਗੜ੍ਹ ਸਥਿਤ ਇਕ ਨਹਿਰ 'ਚ ਸੁੱਟ ਆਇਆ। ਕੁੜੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਲੁਕ-ਛਿਪ ਕੇ ਇਕੋ ਹੀ ਜਾਤ ਦੇ ਨੌਜਵਾਨ ਨਾਲ ਵਿਆਹ ਕਰਵਾਇਆ ਸੀ। ਇਸ ਮਾਮਲੇ ਨੂੰ ਲੈ ਕੇ ਨਿਊ ਅਸ਼ੋਕ ਨਗਰ ਪੁਲਸ ਨੇ ਮਾਤਾ-ਪਿਤਾ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਸ਼ੀਤਲ ਚੌਧਰੀ ਦੇ ਰੂਪ ਵਿਚ ਹੋਈ ਹੈ।

ਦਰਅਸਲ ਪਰਿਵਾਰ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਧੀ ਦਾ ਗੁਆਂਢੀ ਦੇ ਇਕ ਨੌਜਵਾਨ ਨਾਲ ਦੋਸਤੀ ਹੈ। ਸ਼ੱਕ ਇਹ ਵੀ ਸੀ ਕਿ ਉਸ ਨੇ ਆਰੀਆ ਸਮਾਜ ਮੰਦਰ 'ਚ ਚੋਰੀ-ਛਿਪੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਜਦੋਂ ਸ਼ੀਤਲ ਦਾ ਮੋਬਾਇਲ ਨੰਬਰ ਨਹੀਂ ਲੱਗਾ ਤਾਂ ਉਸ ਦੇ ਦੋਸਤ ਨੇ ਨਿਊ ਅਸ਼ੋਤ ਨਗਰ ਥਾਣੇ ਵਿਚ ਪਰਿਵਾਰ 'ਤੇ ਖਦਸ਼ਾ ਜ਼ਾਹਰ ਕਰਦੇ ਹੋਏ ਕੇਸ ਦਰਜ ਕਰਵਾਇਆ। ਵਾਰਦਾਤ ਦੇ 22 ਦਿਨ ਬਾਅਦ ਪੂਰੇ ਕੇਸ ਤੋਂ ਪਰਦਾ ਉਠਿਆ। ਪੁਲਸ ਸੂਤਰਾਂ ਮੁਤਾਬਕ ਸ਼ੀਤਲ ਦੇ ਦੋਸਤ ਨੇ ਪੁਲਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਸ਼ੀਤਲ ਨੇ ਹੀ ਉਸ ਨੂੰ ਕਿਹਾ ਸੀ ਕਿ ਉਹ ਅਜੇ ਇਸ ਬਾਰੇ ਕਿਸੇ ਨੂੰ ਨਹੀਂ ਦੱਸੇਗੀ। ਉਸ ਨੇ ਕਿਹਾ ਸੀ ਕਿ ਅਜੇ ਘਰ 'ਚ ਕੁਝ ਪ੍ਰੋੋਗਰਾਮ ਹੈ, ਉਹ ਹੋ ਜਾਣ ਤੋਂ ਬਾਅਦ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਨਾ ਲਵੇਗੀ ਪਰ ਜਦੋਂ ਉਹ ਨਹੀਂ ਮੰਨੀ ਤਾਂ ਮਾਪਿਆਂ ਨੇ ਉਸ ਦੀ ਹੱਤਿਆ ਕਰ ਦਿੱਤੀ। 

ਪੁਲਸ ਨੇ ਸ਼ੁੱਕਵਾਰ ਨੂੰ ਮ੍ਰਿਤਕਾ ਦੀ ਮਾਤਾ, ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪਰਿਵਾਰ ਨੇ ਪੁਲਸ ਸਾਹਮਣੇ ਕਬੂਲ ਕੀਤਾ ਹੈ ਕਿ ਕਾਫੀ ਸਮਝਾਉਣ ਤੋਂ ਬਾਅਦ ਵੀ ਸ਼ੀਤਲ ਵਿਆਹ ਤੋੜਨ ਲਈ ਤਿਆਰ ਨਹੀਂ ਹੋਈ ਤਾਂ ਉਨ੍ਹਾਂ ਨੇ ਉਸ ਦੀ ਹੱਤਿਆ ਕਰ ਦਿੱਤੀ। ਗੁਆਂਢ ਵਿਚ ਹੀ ਪਰਿਵਾਰ ਨਾਲ ਉਸ ਦਾ ਦੋਸਤ ਰਹਿੰਦਾ ਸੀ। ਪਰਿਵਾਰ ਨੂੰ ਸ਼ੱਕ ਸੀ ਕਿ ਦੋਹਾਂ ਵਿਚਾਲੇ 3 ਸਾਲ ਤੋਂ ਦੋਸਤੀ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਦੋਹਾਂ ਨੇ ਲੁਕ ਕੇ ਵਿਆਹ ਕਰਵਾ ਲਿਆ ਸੀ ਪਰ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ। ਉਨ੍ਹਾਂ ਨੇ ਦੱਸਿਆ ਕਿ 30 ਜਨਵਰੀ ਨੂੰ ਹੀ ਸ਼ੀਤਲ ਦੀ ਹੱਤਿਆ ਕਰ ਕੇ ਲਾਸ਼ ਨੂੰ ਅਲੀਗੜ੍ਹ ਦੀ ਜਵਾਂ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ। ਪੁਲਸ ਨੂੰ ਨਹਿਰ 'ਚੋਂ ਇਕ ਲੜਕੀ ਦੀ ਲਾਸ਼ ਮਿਲੀ ਸੀ। ਪਛਾਣ ਨਾ ਹੋ ਸਕਣ ਕਾਰਨ ਪੁਲਸ ਨੇ 2 ਫਰਵਰੀ ਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਸ਼ੀਤਲ ਦੀ ਤਸਵੀਰ ਅਤੇ ਕੱਪੜਿਆਂ ਤੋਂ ਉਸ ਦੀ ਪਛਾਣ ਕਰ ਲਈ ਗਈ ਸੀ।


Tanu

Content Editor

Related News