ਮਨੀਸ਼ ਸਿਸੋਦੀਆ ਨੇ ਸਿਹਤ, ਪੀ.ਡਬਲਿਊ.ਡੀ. ਵਿਭਾਗਾਂ ਦਾ ਅਹੁਦਾ ਸੰਭਾਲਿਆ

06/18/2020 11:15:39 AM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਸਿਹਤ, ਪੀ.ਡਬਲਿਊ.ਡੀ., ਬਿਜਲੀ ਅਤੇ ਹੋਰ ਵਿਭਾਗਾਂ ਦਾ ਅਹੁਦਾ ਸੰਭਾਲਿਆ, ਜੋ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਸਤੇਂਦਰ ਜੈਨ ਕੋਲ ਸਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜੈਨ ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਇਸ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਆਕਸੀਜਨ ਦੇ ਪੱਧਰ 'ਚ ਅਚਾਨਕ ਗਿਰਾਵਟ ਅਤੇ ਤੇਜ਼ ਬੁਖਾਰ ਤੋਂ ਬਾਅਦ ਤੜਕੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ (ਆਰ.ਜੀ.ਐੱਸ.ਐੱਸ.ਐੱਚ.) 'ਚ ਭਰਤੀ ਕਰਵਾਇਆ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਜੈਨ ਜਦੋਂ ਤੱਕ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋ ਜਾਂਦੇ, ਉਹ ਅਰਵਿੰਦ ਕੇਜਰੀਵਾਲ ਸਰਕਾਰ 'ਚ ਬਿਨਾਂ ਕਿਸੇ ਵਿਭਾਗ ਦੇ ਕੈਬਨਿਟ ਮੰਤਰੀ ਬਣੇ ਰਹਿਣਗੇ।

ਉਨ੍ਹਾਂ ਕਿਹਾ,''ਉੱਪ ਮੁੱਖ ਮੰਤਰੀ ਨੂੰ ਸਿਹਤ, ਲੋਕ ਨਿਰਮਾਣ ਵਿਭਾਗ, ਬਿਜਲੀ ਅਤੇ ਹੋਰ ਵਿਭਾਗਾਂ ਦਾ ਅਹੁਦਾ ਸੌਂਪਿਆ ਗਿਆ ਹੈ।'' ਜੈਨ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਸੰਬੰਧੀ ਹਾਲਾਤ 'ਤੇ ਚਰਚਾ ਲਈ ਇਕ ਉੱਚ ਪੱਧਰੀ ਬੈਠਕ 'ਚ ਸ਼ਾਮਲ ਹੋਏ ਸਨ, ਜਿਸ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਸੀ। ਇਸ ਬੈਠਕ 'ਚ ਦਿੱਲੀ ਦੇ ਰਾਜਪਾਲ ਅਨਿਲ ਬੈਜਲ, ਕੇਜਰੀਵਾਲ, ਸਿਸੋਦੀਆ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਵੀ ਸ਼ਾਮਲ ਹੋਏ ਸਨ। ਦਿੱਲੀ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2,414 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਗਿਣਤੀ ਵਧ ਕੇ 47,000 ਤੋਂ ਵਧ ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਕੇ 1,904 ਹੋ ਗਈ।


DIsha

Content Editor

Related News