ਦਿੱਲੀ ਦੇ ਉਪ ਰਾਜਪਾਲ ਨੇ ਲੋ-ਫਲੋਰ ਬੱਸਾਂ ਦੀ ਖਰੀਦ ’ਚ ‘ਬੇਨਿਯਮੀਆਂ’ ਦੀ ਸ਼ਿਕਾਇਤ CBI ਨੂੰ ਭੇਜੀ

09/11/2022 2:48:12 PM

ਨਵੀਂ ਦਿੱਲੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਡੀ. ਟੀ. ਸੀ. ਵਲੋਂ 1000 ਲੋ-ਫਲੋਰ ਬੱਸਾਂ ਦੀ ਖਰੀਦ ’ਚ ਭ੍ਰਿਸ਼ਟਾਚਾਰ ਦੀ ਜਾਂਚ ਲਈ ਸੀ. ਬੀ. ਆਈ. ਨੂੰ ਸ਼ਿਕਾਇਤ ਭੇਜਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਲ ਜੂਨ ’ਚ ਸਕਸੈਨਾ ਨੂੰ ਇਕ ਸ਼ਿਕਾਇਤ ’ਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਟਰਾਂਸਪੋਰਟ ਨਿਗਮ (ਡੀ. ਟੀ. ਸੀ.) ਨੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਬੱਸਾਂ ਦੇ ਟੈਂਡਰ ਅਤੇ ਖਰੀਦ ਲਈ ਬਣਾਈ ਕਮੇਟੀ ਦਾ ਚੇਅਰਮੈਨ ਟਰਾਂਸਪੋਰਟ ਮੰਤਰੀ ਨੂੰ ਨਿਯੁਕਤ ਕੀਤਾ।

ਸ਼ਿਕਾਇਤ ’ਚ ਇਹ ਦੋਸ਼ ਵੀ ਲਾਇਆ ਗਿਆ ਸੀ ਕਿ ਇਸ ਟੈਂਡਰ ਲਈ ਬੋਲੀ ਪ੍ਰਬੰਧਨ ਸਲਾਹਕਾਰ ਦੇ ਰੂਪ ’ਚ ਡੀ. ਆਈ. ਐੱਮ. ਟੀ. ਐੱਸ. ਦੀ ਨਿਯੁਕਤੀ ਗਲਤ ਕੰਮਾਂ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਸ਼ਿਕਾਇਤ ’ਚ ਕਿਹਾ ਗਿਆ ਕਿ 1000 ਲੋ-ਫਲੋਰ ਬੀ. ਐੱਸ.-4 ਅਤੇ ਬੀ. ਐੱਸ.-6 ਬੱਸਾਂ ਲਈ ਜੁਲਾਈ 2019 ਦੀ ਖਰੀਦ ਬੋਲੀ ਅਤੇ ਮਾਰਚ 2020 ’ਚ ਲੋਅ-ਫਲੋਰ ਬੀ. ਐੱਸ.-6 ਬੱਸਾਂ ਦੀ ਖਰੀਦ ਅਤੇ ਸਾਲਾਨਾ ਰੱਖ-ਰਖਾਅ ਦਾ ਇਕਰਾਰਨਾਮਾ ਲਈ ਲਾਈ ਗਈ ਦੂਜੀ ਬੋਲੀ ’ਚ ਬੇਨਿਯਮੀਆਂ ਹੋਈਆਂ। 

ਬੀਤੀ 22 ਜੁਲਾਈ ਨੂੰ ਸ਼ਿਕਾਇਤ ’ਤੇ ਦਿੱਲੀ ਸਰਕਾਰ ਦੇ ਵਿਭਾਗਾਂ ਦੀ ਪ੍ਰਤੀਕਿਰਿਆ ਲੈਣ ਲਈ ਮੁੱਖ ਸਕੱਤਰ ਕੋਲ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਸਕੱਤਰ ਨੇ 19 ਅਗਸਤ ਨੂੰ ਰਿਪੋਰਟ ਸੌਂਪੀ, ਜਿਸ ’ਚ ਕੁਝ ਬੇਨਿਯਮੀਆਂ ਵੱਲ ਇਸ਼ਾਰਾ ਕੀਤਾ ਗਿਆ ਸੀ। ਇਸ ਤੋਂ ਬਾਅਦ ਸਕਸੈਨਾ ਨੇ ਸ਼ਿਕਾਇਤ ਸੀ. ਬੀ. ਆਈ. ਨੂੰ ਭੇਜ ਦਿੱਤੀ ਹੈ।


Tanu

Content Editor

Related News