ਦਿੱਲੀ ''ਚ ''ਜਾਮਾ ਮਸੀਤ'' 30 ਜੂਨ ਤੱਕ ਕੀਤੀ ਗਈ ਬੰਦ : ਸ਼ਾਹੀ ਇਮਾਮ
Thursday, Jun 11, 2020 - 09:38 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਇਤਿਹਾਸਕ ਜਾਮਾ ਮਸੀਤ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਸ਼ਾਹ ਬੁਖਾਰੀ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਾਮਲਿਆਂ 'ਚ ਵਾਧੇ ਕਾਰਨ ਦਿੱਲੀ ਸ਼ਹਿਰ 'ਚ ਪੈਦਾ ਗੰਭੀਰ ਸਥਿਤੀ ਦੇ ਮੱਦੇਨਜ਼ਰ ਜਾਮਾ ਮਸੀਤ 30 ਜੂਨ ਤੱਕ ਲਈ ਸ਼ਰਧਾਲੂਆਂ ਲਈ ਬੰਦ ਰਹੇਗੀ। ਕੇਂਦਰੀ ਸਿਹਤ ਮਹਿਕਮਾ ਵਲੋਂ ਵੀਰਵਾਰ ਸਵੇਰੇ 8 ਵਜੇ ਦਿੱਤੇ ਗਏ ਅੰਕੜਿਆਂ ਅਨੁਸਾਰ ਦਿੱਲੀ 'ਚ ਕੋਵਿਡ-19 ਦੇ ਮਾਮਲੇ ਵਧ ਕੇ 32,810 ਹੋ ਗਏ, ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 984 ਹੋ ਗਈ। ਬੁਖਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਲੋਕਾਂ ਅਤੇ ਇਸਲਾਮੀ ਵਿਦਵਾਨਾਂ ਨਾਲ ਸਲਾਹ ਕਰਨ ਤੋਂ ਬਾਅਦ ਕੀਤਾ ਹੈ। ਇਹ ਕਦਮ ਸ਼ਾਹੀ ਇਮਾਮ ਦੇ ਸਕੱਤਰ ਅਮਾਨਤੁੱਲਾ ਦੀ ਮੰਗਲਵਾਰ ਰਾਤ ਸਫ਼ਦਰਗੰਜ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ,''ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ, ਜਦੋਂ ਮਨੁੱਖੀ ਜੀਵਨ ਖਤਰੇ 'ਚ ਹੋਵੇ, ਉਦੋਂ ਲੋਕਾਂ ਦੇ ਜੀਵਨ ਦੀ ਰੱਖਿਆ ਲਈ ਜ਼ਰੂਰੀ ਹੁੰਦਾ ਹੈ।'' ਉਨ੍ਹਾਂ ਕਿਹਾ,''ਜ਼ਿਆਦਾਤਰ ਲੋਕਾਂ ਦੀ ਰਾਏ ਹੈ ਕਿ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਉੱਪਰ ਹੈ ਅਤੇ ਸ਼ਰੀਅਤ 'ਚ ਇਸ ਲਈ ਵਿਸ਼ੇਸ਼ ਜ਼ਿਕਰ ਹੈ।''
ਬੁਖਾਰੀ ਨੇ ਕਿਹਾ ਕਿ ਜਨਤਾ ਦੀ ਰਾਏ ਲੈਣ ਅਤੇ ਵਿਦਵਾਨਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਵੀਰਵਾਰ ਸ਼ਾਮ ਤੋਂ 30 ਜੂਨ ਤੱਕ ਜਾਮਾ ਮਸੀਤ 'ਚ ਕਈ ਸਮੂਹਕ ਨਮਾਜ਼ ਨਹੀਂ ਹੋਵੇਗੀ। ਉਨ੍ਹਾਂ ਕਿਹਾ,''ਕੁਝ ਚੁਨਿੰਦਾ ਲੋਕ ਹਰ ਦਿਨ 5 ਸਮੇਂ ਨਮਾਜ਼ ਅਦਾ ਕਰਨਗੇ, ਜਦੋਂ ਕਿ ਆਮ ਨਮਾਜ਼ੀ ਆਪਣੇ ਘਰ 'ਚ ਹੀ ਨਮਾਜ਼ ਅਦਾ ਕਰਨਗੇ।'' ਸਰਕਾਰ ਦੇ 'ਅਨਲੌਕ-1' ਦੇ ਅਧੀਨ ਰਿਆਇਤਾਂ ਦਿੱਤੇ ਜਾਣ ਦੇ ਨਾਲ ਹੀ 2 ਮਹੀਨਿਆਂ ਤੋਂ ਵਧ ਸਮੇਂ ਬਾਅਦ 8 ਜੂਨ ਨੂੰ ਜਾਮਾ ਮਸੀਤ ਨੂੰ ਖੋਲ੍ਹਿਆ ਗਿਆ ਸੀ। ਦੇਸ਼ ਭਰ 'ਚ 8 ਜੂਨ ਨੂੰ ਸ਼ਾਪਿੰਗ ਮਾਲ ਅਤੇ ਦਫ਼ਤਰਾਂ ਸਮੇਤ ਕਈ ਹੋਰ ਕਾਰੋਬਾਰਾਂ ਨਾਲ ਧਾਰਮਿਕ ਸਥਾਨ ਖੋਲ੍ਹਣ 'ਤੇ ਬੁਖਾਰੀ ਨੇ ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਪ੍ਰਸਾਰ ਦੇ ਮੱਦੇਨਜ਼ਰ ਸਰਕਾਰਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।