ਦਿੱਲੀ ’ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਔਖ, ਹਸਪਤਾਲਾਂ ’ਚ ਹਰ ਹਫ਼ਤੇ ਦਾਖ਼ਲ ਹੋ ਰਹੇ 7 ਮਰੀਜ਼

Wednesday, Jun 23, 2021 - 04:47 PM (IST)

ਦਿੱਲੀ ’ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਔਖ, ਹਸਪਤਾਲਾਂ ’ਚ ਹਰ ਹਫ਼ਤੇ ਦਾਖ਼ਲ ਹੋ ਰਹੇ 7 ਮਰੀਜ਼

ਨਵੀਂ ਦਿੱਲੀ— ਦਿੱਲੀ ’ਚ ਪ੍ਰਦੂਸ਼ਣ ਦਾ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਔਖ ਹੋ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਾਹ ਸਬੰਧੀ ਸਮੱਸਿਆ ਦੀ ਵਜ੍ਹਾ ਨਾਲ ਦਿੱਲੀ ’ਚ ਹਰ ਹਫ਼ਤੇ ਹਸਪਤਾਲਾਂ ’ਚ ਮਰੀਜ਼ਾਂ ਦੇ ਦਾਖ਼ਲ ਹੋਣ ਦੇ 7 ਤੋਂ ਵਧੇਰੇ ਮਾਮਲੇ ਆਉਂਦੇ ਹਨ। ਇਸ ਦੇ ਪਿੱਛੇ ਦਾ ਕਾਰਨ ਹਵਾ ’ਚ ਮੌਜੂਦ ਪ੍ਰਦੂਸ਼ਕ ਤੱਤ ਪੀਐੱਮ2.5 ਯੂਨਿਟ ’ਚ ਵਾਧਾ ਹੋਣਾ। ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਲੋਂ ਕੀਤੇ ਗਏ ਇਕ ਅਧਿਐਨ ’ਚ ਇਹ ਗੱਲ ਆਖੀ ਗਈ ਹੈ। ਸਿਹਤ ’ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਸਬੰਧੀ ਇਹ ਅਧਿਐਨ ਅਪ੍ਰੈਲ 2019 ’ਚ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧ ਵਿਚ ਇਕ ਅਧਿਕਾਰੀ ਨੇ ਕਿਹਾ ਕਿ 15 ਮਹੀਨੇ ਕੀਤੇ ਗਏ ਅਧਿਐਨ ਦੀ ਰਿਪੋਰਟ ਲੱਗਭਗ 3 ਮਹੀਨੇ ਪਹਿਲਾਂ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ. ਪੀ. ਸੀ. ਸੀ.) ਨੂੰ ਸੌਂਪੀ ਗਈ।

ਡੀ. ਪੀ. ਸੀ. ਸੀ. ਨੇ ਹੀ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਤੋਂ ਇਸ ਸਬੰਧ ਵਿਚ ਅਧਿਐਨ ਕਰਨ ਨੂੰ ਕਿਹਾ ਸੀ। ਮੈਡੀਕਲ ਕਾਲਜ ਦੇ ਕਮਿਊਨਿਟੀ ਔਸ਼ਧੀ ਮਹਿਕਮੇ ਦੀ ਸਾਬਕਾ ਡੀਨ ਅਤੇ ਮੁਖੀ ਡਾ. ਨੰਦਿਨੀ ਸ਼ਰਮਾ ਦੀ ਅਗਵਾਈ ’ਚ ਕੀਤੇ ਗਏ ਇਸ ਅਧਿਐਨ ’ਚ ਬਾਬਾ ਸਾਹਿਬ ਅੰਬੇਡਕਰ ਹਸਪਤਾਲ, ਲੋਕ ਨਾਇਕ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ, ਲਾਲ ਬਹਾਦਰ ਸ਼ਾਸਤਰੀ ਹਸਪਤਾਲ ਅਤੇ ਮਦਨ ਮੋਹਨ ਮਾਲਵੀਯ ਹਸਪਤਾਲ ਤੋਂ ਅੰਕੜੇ ਇਕੱਠੇ ਕੀਤੇ ਗਏ। ਰਿਪੋਰਟ ਮੁਤਾਬਕ ਹਸਪਤਾਲਾਂ ਵਿਚ ਦਿਲ ਅਤੇ ਸਾਹ ਸਬੰਧੀ ਮੁਸ਼ਕਲਾਂ ਦੇ ਚੱਲਦੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੇ ਮਾਮਲਿਆਂ ਵਿਚ ਹਵਾ ਗੁਣਵੱਤਾ ਸੂਚਕਾਂਕ ਅਤੇ ਪ੍ਰਦੂਸ਼ਕ ਤੱਤਾਂ ਦੇ ਪੱਧਰ ’ਚ ਬਦਲਾਅ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਗਿਆ।

ਅਧਿਐਨ ’ਚ ਪਤਾ ਲੱਗਾ ਕਿ ਪੀਐੱਮ2.5 ਵਿਚ 10 ਯੂਨਿਟ ਦਾ ਵਾਧਾ ਹਰ ਹਫ਼ਤੇ ਸਾਹ ਸਬੰਧੀ ਮੁਸ਼ਕਲਾਂ ਦੇ ਚੱਲਦੇ ਕੁੱਲ ਮਿਲਾ ਕੇ ਹਸਪਤਾਲਾਂ ’ਚ ਦਾਖ਼ਲ ਹੋਣ ਦੇ 7.09 ਨਵੇਂ ਮਾਮਲਿਆਂ ਲਈ ਜ਼ਿੰਮੇਵਾਰ ਹੈ। ਇਸ ਅਧਿਐਨ ਵਿਚ ਇਹ ਸਬੂਤ ਹਾਸਲ ਹੋਇਆ ਕਿ ਹਸਪਤਾਲ ’ਚ ਦਿਲ ਅਤੇ ਫ਼ੇਫੜਿਆਂ ਸਬੰਧੀ ਮੁਸ਼ਕਲਾਂ ਦੇ ਚੱਲਦੇ ਦਾਖ਼ਲ ਹੋਣ ਦੇ ਮਾਮਲਿਆਂ ਵਿਚ ਹਵਾ ਪ੍ਰਦੂਸ਼ਣ ਵਧਣ ਨਾਲ ਹੀ ਵਾਧਾ ਹੁੰਦਾ ਹੈ। ਅਧਿਐਨ ’ਚ ਸ਼ਾਮਲ ਲੋਕਾਂ ਨੇ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਮੋਟਰ-ਵਾਹਨਾਂ ਅਤੇ ਉਦਯੋਗਾਂ ਨੂੰ ਮੰਨਿਆ। ਕੁਝ ਲੋਕਾਂ ਨੇ ਇਸ ਦਾ ਕਾਰਨ ਪਰਾਲੀ ਨੂੰ ਅੱਗ ਲਾਏ ਜਾਣ ਅਤੇ ਪਟਾਕਿਆਂ ਨੂੰ ਮੰਨਿਆ।


author

Tanu

Content Editor

Related News