ਕੋਵਿਡ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਦਿੱਲੀ ਦੇ ਹਸਪਤਾਲ ਹਾਈ ਅਲਰਟ 'ਤੇ, LG ਨੇ ਦਿੱਤੇ ਅਹਿਮ ਹੁਕਮ
Saturday, Nov 27, 2021 - 11:07 PM (IST)
ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਸੀਨੀਅਰ ਅਧਿਕਾਰੀਆਂ ਨੂੰ ਜਨਤਕ ਥਾਵਾਂ 'ਤੇ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਹਸਪਤਾਲਾਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਆਧਿਕਾਰਿਕ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਸੋਮਵਾਰ ਨੂੰ ਹੋਣ ਵਾਲੀ ਆਪਣੀ ਬੈਠਕ ਵਿੱਚ ਅੰਤਰਰਾਸ਼ਟਰੀ ਜਹਾਜ਼ਾਂ ਤੋਂ ਉਤਰਨ ਵਾਲੇ ਯਾਤਰੀਆਂ ਦੀ ਆਰਟੀ-ਪੀਸੀਆਰ ਜਾਂਚ ਕਰਾਉਣ ਅਤੇ ਦੱਖਣੀ ਅਫਰੀਕਾ, ਬੋਤਸਵਾਨਾ, ਜਿੰਬਾਬਵੇ ਅਤੇ ਹਾਂਗਕਾਂਗ ਸਮੇਤ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਿਆ ਹੈ, ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਵਿੱਚ ਰੱਖਣ ਦੇ ਸੰਬੰਧ ਵਿੱਚ ਫੈਸਲਾ ਕਰ ਸਕਦਾ ਹੈ।
ਇਹ ਵੀ ਪੜ੍ਹੋ - ਦੱ. ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਨਾਲ ਖ਼ਤਰਾ ਵਧਿਆ
ਸੂਤਰਾਂ ਨੇ ਦੱਸਿਆ ਕਿ ਉਪ ਰਾਜਪਾਲ ਦੀ ਪ੍ਰਧਾਨਗੀ 'ਚ ਹੋਣ ਵਾਲੀ ਬੈਠਕ 'ਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਮਾਹਿਰ ਅਤੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਉਣ ਦੀ ਬੇਨਤੀ ਕੀਤੀ ਸੀ, ਜਿੱਥੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਇੱਕ ਟਵੀਟ ਵਿੱਚ, ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ "ਬਹੁਤ ਸਾਰੀਆਂ ਮੁਸ਼ਕਲਾਂ" ਦੇ ਨਾਲ ਕੋਵਿਡ-19 ਮਹਾਮਾਰੀ ਤੋਂ "ਉਭਰਿਆ" ਹੈ। ਉਨ੍ਹਾਂ ਲਿਖਿਆ, ''ਮੈਂ ਮਾਨਯੋਗ ਪ੍ਰਧਾਨ ਮੰਤਰੀ ਨੂੰ ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾਉਣ ਦੀ ਬੇਨਤੀ ਕਰਦਾ ਹਾਂ। ਸਾਡਾ ਦੇਸ਼ ਬਹੁਤ ਮੁਸ਼ਕਿਲਾਂ ਨਾਲ ਕੋਰੋਨਾ ਤੋਂ ਉਭਰਿਆ ਹੈ। ਸਾਨੂੰ ਇਸ ਨਵੇਂ ਵੇਰੀਐਂਟ ਨੂੰ ਭਾਰਤ ਆਉਣ ਤੋਂ ਜਿੱਥੋਂ ਤੱਕ ਸੰਭਵ ਹੋ ਸਕੇ ਰੋਕਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।