ਢਿੱਡ ਦਰਦ ਕਾਰਨ ਹਸਪਤਾਲ ਪਹੁੰਚਿਆ ਮਜ਼ਦੂਰ, ਲੀਵਰ 'ਚ ਚਾਕੂ ਦੇਖ ਡਾਕਟਰ ਹੋਏ ਹੈਰਾਨ

07/28/2020 6:20:25 PM

ਨਵੀਂ ਦਿੱਲੀ- ਦਿੱਲੀ ਦੇ ਏਮਜ਼ ਹਸਪਤਾਲ 'ਚ ਡਾਕਟਰਾਂ ਨੇ ਦੁਰਲੱਭ ਅਤੇ ਬੇਹੱਦ ਚੁਣੌਤੀਪੂਰਨ ਤਿੰਨ ਘੰਟੇ ਦੀ ਸਰਜਰੀ ਤੋਂ ਬਾਅਦ ਇਕ ਆਦਮੀ ਦੇ ਲੀਵਰ 'ਚੋਂ 20 ਸੈਂਟੀਮੀਟਰ ਲੰਬਾ ਚਾਕੂ ਸਫ਼ਲਤਾਪੂਰਵਕ ਕੱਢ ਲਿਆ। ਪੀੜਤ ਵਿਅਕਤੀ ਮਾਨਸਿਕ ਰੋਗੀ ਸੀ, ਜਿਸ ਕਾਰਨ ਉਸ ਨੇ ਇਹ ਚਾਕੂ ਨਿਗਲ ਲਿਆ ਸੀ। ਡਾਕਟਰਾਂ ਨੂੰ ਉਸ ਵਿਅਕਤੀ ਦੇ ਆਪਰੇਸ਼ਨ ਦੌਰਾਨ ਬੇਹੱਦ ਹੈਰਾਨੀ ਹੋਈ, ਕਿਉਂਕਿ ਇੰਨੇ ਲੰਬੇ ਅਤੇ ਤੇਜ਼ਧਾਰ ਚਾਕੂ ਨੇ ਸਰੀਰ ਦੇ ਅੰਦਰ ਫੇਫੜੇ, ਦਿਲ ਅਤੇ ਹੋਰ ਮਹੱਤਵਪੂਰਨ ਅੰਗਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ।

ਤਾਲਾਬੰਦੀ ਦੌਰਾਨ ਨਿਗਲਿਆ ਸੀ ਚਾਕੂ
ਏਮਜ਼ 'ਚ ਸਰਜਰੀ ਅਤੇ ਲੀਵਰ ਟਰਾਂਸਪਲਾਂਟ ਦੇ ਪ੍ਰੋਫੈਸਰ ਡਾ. ਨਿਹਾਰ ਰੰਜਨ ਦਾਸ ਨੇ ਮਾਮਲੇ ਨੂੰ ਲੈ ਕੇ ਕਿਹਾ,''ਚਾਕੂ ਆਸਾਨੀ ਨਾਲ ਸਾਹ ਨਲੀ, ਦਿਲ ਨੂੰ ਪਾੜ ਕਰਦਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ।'' ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਖੋਜ ਕੀਤੀ ਪਰ ਪਹਿਲੇ ਅਜਿਹੇ ਕਿਸੇ ਕੇਸ ਦੀ ਕੋਈ ਜਾਣਕਾਰੀ ਸਾਨੂੰ ਨਹੀਂ ਮਿਲੀ। ਜਿਸ ਵਿਅਕਤੀ ਨੂੰ ਡਾਕਟਰਾਂ ਨੇ ਬਚਾਇਆ ਹੈ, ਉਹ ਹਰਿਆਣਾ ਦੇ ਪਲਵਲ ਦਾ ਇਕ ਦਿਹਾੜੀ ਮਜ਼ਦੂਰ ਹੈ, ਜੋ ਕਿਸੇ ਮਾਨਸਿਕ ਬੀਮਾਰੀ ਨਾਲ ਪੀੜਤ ਸੀ। ਉਸ ਨੂੰ ਭੰਗ ਪੀਣ ਦੀ ਆਦਤ ਸੀ। ਉਸ ਸ਼ਖਸ ਨੇ ਡਾਕਟਰਾਂ ਨੂੰ ਦੱਸਿਆ ਕਿ ਡੇਢ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਜਦੋਂ ਉਹ ਆਪਣੀ ਰਸੋਈ 'ਚ ਸੀ ਤਾਂ ਉਸ ਨੂੰ ਚਾਕੂ ਖਾਣ ਦਾ ਮਨ ਹੋਇਆ। ਉਸ ਨੇ ਉਸ ਨੂੰ ਚਬਾਉਣ ਦੀ ਕੋਸ਼ਿਸ਼ ਕੀਤੀ ਅਤੇ ਆਖਰਕਾਰ ਉਸ ਨੂੰ ਪਾਣੀ ਨਾਲ ਨਿਗਲ ਲਿਆ।

ਪੇਟ ਦਰਦ ਹੋਣ 'ਤੇ ਪਹੁੰਚਿਆ ਹਸਪਤਾਲ
ਡਾਕਟਰਾਂ ਨੂੰ ਉਸ ਪੀੜਤ ਮਜ਼ਦੂਰ ਨੇ ਦੱਸਿਆ ਕਿ ਚਾਕੂ ਨਿਗਲਣ ਤੋਂ ਬਾਅਦ ਉਸ ਨੂੰ ਇਕ ਮਹੀਨੇ ਤੱਕ ਕੋਈ ਸਮੱਸਿਆ ਨਹੀਂ ਹੋਈ ਪਰ ਬਾਅਦ 'ਚ ਖਾਣੇ 'ਚ ਪਰੇਸ਼ਾਨੀ ਹੋਣ ਲੱਗੀ। ਜਿਸ ਤੋਂ ਬਾਅਦ ਉਸ ਦਾ ਭਾਰ ਘੱਟਣ ਲੱਗਾ, ਬੁਖਾਰ, ਪੇਟ 'ਚ ਦਰਦ ਵਰਗੀ ਸਮੱਸਿਆ ਸ਼ੁਰੂ ਹੋ ਗਈ ਅਤੇ ਜਲਦ ਹੀ ਦਰਦ ਅਸਹਿਣਯੋਗ ਹੋ ਗਿਆ। ਬਹੁਤ ਜ਼ਿਆਦਾ ਦਰਦ ਹੋਣ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਲਟਰਾਸਾਊਂਡ ਅਤੇ ਪੇਟ ਦੇ ਐਕਸਰੇਅ 'ਚ ਲੀਵਰ 'ਚ ਫਸੇ ਇਕ ਰਸੋਈ ਚਾਕੂ ਦਾ ਬਲੇਡ ਦਿਖਾਈ ਦਿੱਤੀ। ਸਰੀਰ ਦੇ ਅੰਦਰ ਸੰਵੇਦਨਸ਼ੀਲ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦਾ ਸ਼ੱਕ ਅਤੇ ਚੁਣੌਤੀਆਂ ਨੂੰ ਦੇਖਦੇ ਹੋਏ, ਡਾਕਟਰਾਂ ਨੇ ਮਰੀਜ਼ ਨੂੰ ਏਮਜ਼ 'ਚ ਗੈਸਟ੍ਰੋਇੰਟੈਸਟਾਈਨਲ ਸਰਜਰੀ ਅਤੇ ਲੀਵਰ ਟਰਾਂਸਪਲਾਂਟ ਵਿਭਾਗ 'ਚ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਸਫ਼ਲਤਾਪੂਰਵਕ ਕਰ ਕੇ ਉਸ ਨੂੰ ਦਰਦ ਤੋਂ ਮੁਕਤੀ ਦਿਵਾ ਦਿੱਤੀ।


DIsha

Content Editor

Related News