''ਆਪ'' ਆਗੂ ਸਤੇਂਦਰ ਜੈਨ ਦੀ ਸ਼ਮੂਲੀਅਤ ਵਾਲੇ ਮਨੀ ਲਾਂਡਰਿੰਗ ਮਾਮਲੇ ਦੇ ਸਹਿ-ਦੋਸ਼ੀਆਂ ਨੂੰ ਮਿਲੀ ਜ਼ਮਾਨਤ

Tuesday, Oct 29, 2024 - 01:59 PM (IST)

''ਆਪ'' ਆਗੂ ਸਤੇਂਦਰ ਜੈਨ ਦੀ ਸ਼ਮੂਲੀਅਤ ਵਾਲੇ ਮਨੀ ਲਾਂਡਰਿੰਗ ਮਾਮਲੇ ਦੇ ਸਹਿ-ਦੋਸ਼ੀਆਂ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸਤੇਂਦਰ ਜੈਨ ਦੀ ਕਥਿਤ ਸ਼ਮੂਲੀਅਤ ਵਾਲੇ ਮਨੀ ਲਾਂਡਰਿੰਗ ਮਾਮਲੇ ਵਿਚ ਦੋ ਦੋਸ਼ੀਆਂ ਵੈਭਵ ਜੈਨ ਅਤੇ ਅੰਕੁਸ਼ ਜੈਨ ਨੂੰ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਦੇ ਸਾਬਕਾ ਮੰਤਰੀ ਨੂੰ ਰਾਹਤ ਦੇਣ ਦੇ ਕਰੀਬ 10 ਦਿਨਾਂ ਬਾਅਦ ਜਸਟਿਸ ਮਨੋਜ ਕੁਮਾਰ ਓਹਰੀ ਨੇ ਵੈਭਵ ਅਤੇ ਅੰਕੁਸ਼ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਇਕ ਅਦਾਲਤ ਨੇ 18 ਅਕਤੂਬਰ ਨੂੰ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਕੇਸ 'ਚ 'ਸੁਣਵਾਈ 'ਚ ਦੇਰੀ' ਅਤੇ 'ਲੰਬੇ ਸਮੇਂ ਤੱਕ ਜੇਲ੍ਹ 'ਚ ਰਹਿਣ' ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦਿੱਤੀ ਸੀ। ਉਨ੍ਹਾਂ ਨੂੰ ਮਈ 2022 ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਮਾਮਲਾ ਸਤੇਂਦਰ ਜੈਨ ਵਿਰੁੱਧ ਕਥਿਤ ਤੌਰ 'ਤੇ ਉਨ੍ਹਾਂ ਨਾਲ ਸਬੰਧਤ ਚਾਰ ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਦੇ ਦੋਸ਼ਾਂ ਨਾਲ ਜੁੜਿਆ ਹੈ।

ਈਡੀ ਨੇ ਦਾਅਵਾ ਕੀਤਾ ਕਿ ਵੈਭਵ ਜੈਨ ਅਤੇ ਅੰਕੁਸ਼ ਜੈਨ ਦਿੱਲੀ ਦੇ ਸਾਬਕਾ ਮੰਤਰੀ ਦੇ ਕਾਰੋਬਾਰੀ ਸਹਿਯੋਗੀ ਸਨ ਅਤੇ ਉਨ੍ਹਾਂ ਨੇ ਅਪਰਾਧ 'ਚ ਉਨ੍ਹਾਂ ਦੀ ਮਦਦ ਕੀਤੀ ਸੀ। ਸੀਨੀਅਰ ਵਕੀਲ ਸਿਧਾਰਥ ਅਗਰਵਾਲ ਅਤੇ ਐਡਵੋਕੇਟ ਮਲਕ ਭੱਟ ਨੇ ਵੈਭਵ ਜੈਨ ਦੀ ਨੁਮਾਇੰਦਗੀ ਕੀਤੀ, ਜਦਕਿ ਸੀਨੀਅਰ ਵਕੀਲ ਰੇਬੇਕਾ ਜੌਨ ਨੇ ਅੰਕੁਸ਼ ਜੈਨ ਦੀ ਨੁਮਾਇੰਦਗੀ ਕੀਤੀ। ਹਾਈ ਕੋਰਟ ਨੇ 30 ਸਤੰਬਰ ਨੂੰ ਇਸ ਆਧਾਰ 'ਤੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਵਿਰੁੱਧ ਦਾਇਰ ਚਾਰਜਸ਼ੀਟ ਕਥਿਤ ਤੌਰ 'ਤੇ ਅਧੂਰੀ ਸੀ। ਸਤੇਂਦਰ ਜੈਨ ਨੂੰ 30 ਮਈ 2022 ਨੂੰ ਈ.ਡੀ. ਨੇ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਅੰਕੁਸ਼ ਅਤੇ ਵੈਭਵ ਨੂੰ 30 ਜੂਨ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਈਡੀ ਦਾ ਇਹ ਕੇਸ 2017 'ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਸਤੇਂਦਰ ਜੈਨ ਵਿਰੁੱਧ ਦਰਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐੱਫਆਈਆਰ ਨਾਲ ਜੁੜਿਆ ਹੋਇਆ ਹੈ। ਅਧੀਨ ਅਦਾਲਤ ਨੇ 2022 'ਚ ਇਕ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ 'ਚ ਸਤੇਂਦਰ ਜੈਨ, ਉਨ੍ਹਾਂ ਦੀ ਪਤਨੀ ਅਤੇ ਚਾਰ ਕੰਪਨੀਆਂ ਸਮੇਤ 8 ਹੋਰਾਂ ਵਿਰੁੱਧ ਈਡੀ ਦੁਆਰਾ ਦਾਇਰ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਦਾ ਨੋਟਿਸ ਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News