ਪਾਕਸੋ ਦਾ ਮਕਸਦ ਨੌਜਵਾਨ ਬਾਲਗਾਂ ਦਰਮਿਆਨ ਸਹਿਮਤੀ ਦੇ ਸਬੰਧਾਂ ਨੂੰ ਅਪਰਾਧ ਬਣਾਉਣਾ ਨਹੀਂ : ਅਦਾਲਤ
Tuesday, Nov 15, 2022 - 02:44 PM (IST)

ਨਵੀਂ ਦਿੱਲੀ (ਭਾਸ਼ਾ)– ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪਾਕਸੋ) ਐਕਟ ਦਾ ਮਕਸਦ ਬੱਚਿਆਂ ਨੂੰ ਸੈਕਸ ਸ਼ੋਸ਼ਣ ਤੋਂ ਬਚਾਉਣਾ ਹੈ ਪਰ ਇਸ ਦਾ ਇਰਾਦਾ ਘੱਟ ਉਮਰ ਦੇ ਬਾਲਗਾਂ ਦਰਮਿਆਨ ਸਹਿਮਤੀ ਨਾਲ ਬਣੇ ਰੋਮਾਂਟਿਕ ਸਬੰਧਾਂ ਨੂੰ ਅਪਰਾਧ ਬਣਾਉਣਾ ਕਦੇ ਵੀ ਨਹੀਂ ਸੀ ਹਾਲਾਂਕਿ ਅਦਾਲਤ ਨੇ ਚੌਕਸ ਕੀਤਾ ਕਿ ਹਰ ਮਾਮਲੇ ਨਾਲ ਜੁੜੇ ਤੱਥਾਂ ਅਤੇ ਹਾਲਾਤ ਦੇ ਆਧਾਰ ’ਤੇ ਸਬੰਧ ਦੇ ਰੁਝਾਨ ’ਤੇ ਗੌਰ ਕਰਨਾ ਜ਼ਰੂਰੀ ਹੈ ਕਿਉਂਕਿ ਕੁਝ ਮਾਮਲਿਆਂ ’ਤੇ ਪੀੜਤ ’ਤੇ ਸਮਝੌਤਾ ਕਰਨ ਦਾ ਦਬਾਅ ਹੋ ਸਕਦਾ ਹੈ।
ਹਾਈ ਕੋਰਟ ਨੇ 17 ਸਾਲ ਦੀ ਲੜਕੀ ਨਾਲ ਵਿਆਹ ਕਰਨ ਵਾਲੇ ਇਕ ਲੜਕੇ ਨੂੰ ਜ਼ਮਾਨਤ ਦਿੰਦੇ ਹੋਏ ਇਹ ਟਿੱਪਣੀ ਕੀਤੀ, ਜਿਸ ਨੂੰ ਪਾਕਸੋ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ। ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲੇ ’ਚ ਲੜਕੀ ਨੂੰ ਲੜਕੇ ਨਾਲ ਸਬੰਧ ਬਣਾਉਣ ਲਈ ਮਜਬੂਰ ਨਹੀਂ ਕੀਤਾ ਗਿਆ ਸੀ। ਹਾਈ ਕੋਰਟ ਨੇ ਕਿਹਾ ਕਿ ਲੜਕੀ ਦੇ ਬਿਆਨ ਤੋਂ ਸਪੱਸ਼ਟ ਸੀ ਕਿ ਦੋਵਾਂ ਵਿਚਕਾਰ ਰੋਮਾਂਟਿਕ ਰਿਸ਼ਤੇ ਸਨ ਅਤੇ ਉਨ੍ਹਾਂ ਦਰਮਿਆਨ ਸਹਿਮਤੀ ਨਾਲ ਸੈਕਸ ਸਬੰਧ ਬਣੇ ਸਨ।