ਦਿਵਿਆਂਗਾਂ ਨਾਲ ਭੇਦਭਾਵ ਦਾ ਦੋਸ਼, ਕੋਰਟ ਨੇ ਕੇਂਦਰ ਤੇ ਉਬਰ ਤੋਂ ਮੰਗਿਆ ਜਵਾਬ
Thursday, Dec 26, 2024 - 04:16 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਇਕ ਨੇਤਰਹੀਣ ਵਕੀਲ ਦੀ ਪਟੀਸ਼ਨ 'ਤੇ ਕੇਂਦਰ ਅਤੇ ਉਬਰ ਤੋਂ ਜਵਾਬ ਮੰਗਿਆ ਹੈ। ਵਕੀਲ ਨੇ ਉਬਰ ਐਪ ਦੀਆਂ ਸੇਵਾਵਾਂ ਦਾ ਲਾਭ ਚੁੱਕਣ ਦੌਰਾਨ ਭੇਦਭਾਵ ਦਾ ਸਾਹਮਣਾ ਕਰਨ ਦਾ ਦੋਸ਼ ਲਗਾਇਆ ਹੈ। 24 ਦਸੰਬਰ ਨੂੰ ਜਸਟਿਸ ਸੰਜੀਵ ਨਰੂਲਾ ਨੇ ਵਕੀਲ ਰਾਹੁਲ ਬਜਾਜ ਦੁਆਰਾ ਦਾਇਰ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਅਤੇ ਕੇਂਦਰ ਅਤੇ ਉਬਰ ਇੰਡੀਆ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨੂੰ ਜਵਾਬ ਦੇਣ ਲਈ ਕਿਹਾ। ਬਜਾਜ ਦੇ ਵਕੀਲ ਨੇ ਦੋਸ਼ ਲਾਇਆ ਕਿ ਉਸ ਦੇ ਮੁਵੱਕਿਲ ਨੂੰ ਐਪ 'ਤੇ ਆਟੋ ਬੁੱਕ ਕਰਦੇ ਸਮੇਂ ਭੇਦਭਾਵਪੂਰਨ ਅਤੇ ਅਪਮਾਨਜਨਕ ਰਵੱਈਏ ਦਾ ਸਾਹਮਣਾ ਕਰਨਾ ਪਿਆ, ਇਸ ਤੋਂ ਇਲਾਵਾ ਕੰਪਨੀ ਦੀਆਂ ਸੇਵਾਵਾਂ ਦਾ ਲਾਭ ਚੁੱਕਣ ਦੌਰਾਨ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਉਨ੍ਹਾਂ ਨੇ ਘਟਨਾ ਦਾ ਜ਼ਿਕਰ ਕੀਤਾ ਕਿ ਆਟੋ ਚਾਲਕ ਨੇ ਨਾ ਸਿਰਫ਼ ਬਜਾਜ ਨੂੰ ਲੋੜੀਂਦੇ ਸਥਾਨ 'ਤੇ ਛੱਡਣ ਤੋਂ ਇਨਕਾਰ ਕਰ ਦਿੱਤਾ ਸਗੋਂ ਸਫ਼ਰ ਲਈ ਸਹਿਮਤ ਹੋਣ ਤੋਂ ਬਾਅਦ ਉਸ ਨਾਲ ਗਲਤ ਰਵੱਈਆ ਵੀ ਕੀਤਾ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਚਾਲਕ ਦਾ ਵਿਵਹਾਰ ਭੇਦਭਾਵ ਦਾ ਉਦਾਹਰਣ ਹੈ। ਉਸ ਨੇ ਕਿਹਾ ਕਿ ਉਬਰ ਵਰਗੇ ਸੇਵਾ ਪ੍ਰਦਾਤਾ ਇਹ ਯਕੀਨੀ ਕਰਨ 'ਚ ਅਸਫ਼ਲ ਰਹੇ ਹਨ ਕਿ ਉਨ੍ਹਾਂ ਦੇ ਚਾਲਕ ਦਿਵਿਆਂਗਾਂ ਦੇ ਅਧਿਕਾਰ ਐਕਟ ਅਨੁਸਾਰ ਪੂਰੀ ਤਰ੍ਹਾਂ ਸਿੱਖਿਅਤ ਅਤੇ ਸੰਵੇਦਨਸ਼ੀਲ ਹੋਣ। ਪਟੀਸ਼ਨਕਰਤਾ ਨੇ ਕਿਹਾ ਕਿ ਹਾਲਾਂਕਿ ਉਬਰ ਭੇਦਭਾਵ ਖ਼ਿਲਾਫ਼ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਦਾ ਦਾਅਵਾ ਕਰਦਾ ਹੈ ਪਰ ਦਿਵਿਆਂਗਤਾ ਦੇ ਪ੍ਰਤੀ ਸੰਵੇਦਨਸ਼ੀਲਤਾ ਵਧਾਉਣ 'ਚ ਬੇਅਸਰ ਹੈ। ਬਜਾਜ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਜਿਹੀਆਂ ਘਟਨਾਵਾਂ ਬਾਰੇ ਪੋਸਟ ਕਰਨ ਦੇ ਬਾਵਜੂਦ, ਉਨ੍ਹਾਂ ਨੂੰ ਉਬਰ ਦੇ ਆਟੋ ਚਾਲਕਾਂ ਦੀ ਝਿਜਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟੀਸ਼ਨ 'ਚ ਇਸ ਸੰਬੰਧ 'ਚ ਉੱਚਿਤ ਉਪਾਅ ਦੀ ਅਪੀਲ ਕੀਤੀ ਗੀ ਹੈ। ਮਾਮਲੇ ਦੀ ਸੁਣਵਾਈ 27 ਮਾਰਚ 2025 ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8