ਇਕ ਲੱਖ ਰੁਪਏ ਸਾਲਾਨਾ ਆਮਦਨ ਵਾਲਿਆਂ ਨੂੰ ਵੀ ਵਿਆਹ ਲਈ ਮਦਦ ਦੇਵੇਗੀ ਦਿੱਲੀ ਸਰਕਾਰ
Monday, Jul 20, 2020 - 06:17 PM (IST)
ਨਵੀਂ ਦਿੱਲੀ (ਭਾਸ਼ਾ)— ਅਨਾਥ ਕੁੜੀਆਂ ਅਤੇ ਗਰੀਬ ਵਿਧਵਾ ਦੀਆਂ ਧੀਆਂ ਦੇ ਵਿਆਹ ਲਈ ਆਰਥਿਕ ਮਦਦ ਯੋਜਨਾ ਤਹਿਤ ਦਿੱਲੀ ਸਰਕਾਰ ਨੇ ਆਮਦਨ ਦੇ ਪੈਮਾਨੇ 'ਚ ਕੁਝ ਬਦਲਾਅ ਕੀਤਾ ਹੈ। ਦਿੱਲੀ ਸਰਕਾਰ ਨੇ ਹੁਣ ਇਸ ਦਾਇਰੇ ਵਿਚ ਇਕ ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਕਿਹਾ ਕਿ ਇਸ ਤੋਂ ਪਹਿਲਾਂ 'ਗਰੀਬ ਵਿਧਵਾ ਦੀਆਂ ਧੀਆਂ ਅਤੇ ਅਨਾਥ ਕੁੜੀਆਂ ਦੇ ਵਿਆਹ ਲਈ ਆਰਥਿਕ ਮਦਦ' ਯੋਜਨਾ ਤਹਿਤ ਮਦਦ ਲਈ ਸਿਰਫ 60 ਹਜ਼ਾਰ ਰੁਪਏ ਦੀ ਸਾਲਾਨਾ ਆਦਮਨ ਵਾਲੇ ਹੀ ਬੇਨਤੀ ਕਰ ਸਕਦੇ ਸਨ।
ਰਾਜਿੰਦਰ ਨੇ ਅੱਗੇ ਕਿਹਾ ਕਿ ਯੋਜਨਾ ਤਹਿਤ ਆਮਦਨੀ ਸੀਮਾ ਵਿਚ ਬਦਲਾਅ ਕੀਤਾ ਗਿਆ ਹੈ ਅਤੇ ਹੁਣ ਇਕ ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਵੀ ਇਸ ਯੋਜਨਾ ਤਹਿਤ ਬੇਨਤੀ ਕਰ ਸਕਣਗੇ। ਮੰਤਰੀ ਨੇ ਕਿਹਾ ਕਿ ਆਮਦਨੀ ਸੀਮਾ ਵੱਧਣ ਨਾਲ ਹੀ ਆਰਥਿਕ ਮਦਦ ਲਈ ਹੁਣ ਜ਼ਿਆਦਾ ਵਿਧਵਾ ਅਤੇ ਬੇਸਹਾਰਾ ਕੁੜੀਆਂ ਬੇਨਤੀ ਕਰ ਸਕਣਗੀਆਂ। ਇਕ ਅਧਿਕਾਰੀ ਨੇ ਕਿਹਾ ਕਿ ਸਾਲ 2006-2007 'ਚ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਮਦਦ ਦੇ ਇੱਛੁਕ ਲੋਕਾਂ ਦੀ ਗਿਣਤੀ ਵੱਧਦੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ 30 ਹਜ਼ਾਰ ਰੁਪਏ ਦੀ ਇਕਮੁਸ਼ਤ ਮਦਦ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਹਰੇਕ ਸਾਲ ਕਰੀਬ 3 ਹਜ਼ਾਰ ਵਿਧਵਾਵਾਂ ਅਤੇ ਅਨਾਥ ਕੁੜੀਆਂ ਲਾਭ ਲੈਣ ਲਈ ਬੇਨਤੀ ਕਰਦੀਆਂ ਹਨ।