ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਦਿੱਲੀ ਸਰਕਾਰ ਸ਼ੁਰੂ ਕਰੇਗੀ ਵਿਸ਼ੇਸ਼ ਪ੍ਰੋਗਰਾਮ : ਗੋਪਾਲ ਰਾਏ

7/26/2020 3:12:17 PM

ਨਵੀਂ ਦਿੱਲੀ- ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸ਼ਹਿਰ 'ਚ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਚਲਾਏਗੀ। ਇਹ ਕਦਮ ਤਾਲਾਬੰਦੀ ਕਾਰਨ ਰਾਸ਼ਟਰੀ ਰਾਜਧਾਨੀ ਦੀ ਅਰਥ ਵਿਵਸਥਾ ਨੂੰ ਵਾਪਸ ਪੱਟੜੀ 'ਤੇ ਲਿਆਉਣ ਲਈ ਚੁੱਕਿਆ ਜਾ ਰਿਹਾ ਹੈ। ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਪ੍ਰੋਗਰਾਮ ਦੇ ਅਧੀਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੇ ਕੁਝ ਦਿਨਾਂ 'ਚ ਇਕ ਰੋਜ਼ਗਾਰ ਪੋਰਟਲ ਦਾ ਸ਼ੁੱਭ ਆਰੰਭ ਕਰਨਗੇ, ਜਿੱਥੇ ਅਜਿਹੀਆਂ ਕੰਪਨੀਆਂ ਆਪਣਾ ਰਜਿਸਟਰੇਸ਼ਨ ਕਰਵਾ ਸਕਦੀਆਂ ਹਨ, ਜੋ ਨਿਯੁਕਤੀਆਂ ਲਈ ਲੋਕਾਂ ਦੀ ਤਲਾਸ਼ ਕਰ ਰਹੀਆਂ ਹਨ। ਇਸ 'ਚ ਰੋਜ਼ਗਾਰ ਖੋਜ ਰਹੇ ਲੋਕ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਗੋਪਾਲ ਰਾਏ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਲਾਗੂ ਤਾਲਾਬੰਦੀ ਨਾਲ ਖਰਾਬ ਅਰਥ ਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਲਈ ਆਮ ਆਦਮੀ ਪਾਰਟੀ ਸਰਕਾਰ ਜਲਦ ਨਵੇਂ ਸੁਧਾਰ ਲਿਆਉਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਦਿੱਲੀ ਤੋਂ ਚੱਲੇ ਗਏ ਅਤੇ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚੱਲੀ ਗਈਆਂ। ਰਾਏ ਨੇ ਕਿਹਾ,''ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਅਸੀਂ ਵਿਸ਼ੇਸ਼ ਪ੍ਰੋਗਰਾਮ ਤੇਜ਼ੀ ਨਾਲ ਚਲਾਉਣ ਦਾ ਫੈਸਲਾ ਲਿਆ ਹੈ।'' ਮੰਤਰੀ ਨੇ ਕਿਹਾ,''ਅਗਲੇ ਕੁਝ ਦਿਨਾਂ 'ਚ ਸਰਕਾਰ ਇਕ ਰੋਜ਼ਗਾਰ ਪੋਰਟਲ ਦਾ ਸ਼ੁੱਭ ਆਰੰਭ ਕਰੇਗੀ, ਜੋ ਨੌਕਰੀ ਦੇਣ ਵਾਲਿਆਂ ਅਤੇ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਲਈ ਇਕ ਸਮਾਨ ਮੰਚ ਦਾ ਕੰਮ ਕਰੇਗਾ।'' ਉਨ੍ਹਾਂ ਨੇ ਕਿਹਾ,''ਅਸੀਂ ਦਿੱਲੀ 'ਚ ਕੋਵਿਡ-19 ਦੇ ਪ੍ਰਸਾਰ ਨੂੰ ਕੰਟਰੋਲ ਕਰ ਸਕੇ ਹਾਂ। ਹੁਣ ਸ਼ਹਿਰ ਦੀ ਅਰਥ ਵਿਵਸਥਾ ਨੂੰ ਤੇਜ਼ੀ ਨਾਲ ਪੱਟੜੀ 'ਤੇ ਵਾਪਸ ਲਿਆਉਣ ਦੀ ਜ਼ਰੂਰਤ ਹੈ। ਪੋਰਟਲ ਦੇ ਸ਼ੁੱਭ ਆਰੰਭ ਤੋਂ ਬਾਅਦ ਲੋਕਾਂ ਨੂੰ ਨੌਕਰੀਆਂ ਲਈ ਕਈ ਥਾਂਵਾਂ ਤੋਂ ਅਪਲਾਈ ਨਹੀਂ ਕਰਨਾ ਪਵੇਗਾ। ਸਰਕਾਰ ਯਕੀਨੀ ਕਰੇਗੀ ਕਿ ਵੱਧ ਤੋਂ ਵੱਧ ਅਰਜ਼ੀਕਰਤਾਵਾਂ ਨੂੰ ਰੋਜ਼ਗਾਰ ਮਿਲੇ।''


DIsha

Content Editor DIsha