ਦਿੱਲੀ ਆਬਕਾਰੀ ਨੀਤੀ ਘਪਲਾ: ED ਨੇ ਛਾਪੇਮਾਰੀ ਤੋਂ ਬਾਅਦ ਇਕ ਕਰੋੜ ਦੀ ਨਕਦੀ ਕੀਤੀ ਜ਼ਬਤ
Saturday, Oct 08, 2022 - 06:19 PM (IST)

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੁਣ ਖ਼ਤਮ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ ਵਿਚ ਕਥਿਤ ਘਪਲੇ ਨੂੰ ਲੈ ਕੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ 'ਚ ਛਾਪੇਮਾਰੀ ਤੋਂ ਬਾਅਦ ਕਰੀਬ 1 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਪੰਜਾਬ, ਦਿੱਲੀ-ਐੱਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਅਤੇ ਆਂਧਰਾ ਪ੍ਰਦੇਸ਼ 'ਚ 35 ਤੋਂ ਵੱਧ ਥਾਵਾਂ 'ਤੇ ਦਿਨ ਭਰ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਅਨੁਸਾਰ ਸ਼ਰਾਬ ਕਾਰੋਬਾਰੀਆਂ, ਡਿਸਟਰੀਬਿਊਸ਼ਨ ਕੰਪਨੀਆਂ ਅਤੇ ਇਸ ਨਾਲ ਜੁੜੀਆਂ ਇਕਾਈਆਂ ਖ਼ਿਲਾਫ਼ ਛਾਪੇਮਾਰੀ ਦੌਰਾਨ ਇਕ ਥਾਂ ਤੋਂ ਕਰੀਬ ਇਕ ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਹੈ। ਸੂਤਰਾਂ ਨੇ ਬਰਾਮਦਗੀ ਵਾਲੇ ਸਥਾਨਾਂ ਬਾਰੇ ਜਾਣਕਾਰੀ ਗੁਪਤ ਰੱਖੀ ਪਰ ਕਿਹਾ ਕਿ ਕੁਝ ਡਿਜੀਟਲ ਉਪਕਰਨ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਗੁਜਰਾਤ ਤੋਂ ਵੱਡੀ ਖ਼ਬਰ : ਪਾਕਿਸਤਾਨੀ ਕਿਸ਼ਤੀ 'ਚੋਂ ਜ਼ਬਤ ਹੋਈ 360 ਕਰੋੜ ਰੁਪਏ ਦੀ ਹੈਰੋਇਨ
ਸੂਤਰਾਂ ਅਨੁਸਾਰ, ਦਿੱਲੀ ਸਥਿਤ ਇਕ ਟੈਲੀਵਿਜ਼ਨ ਸਮਾਚਾਰ ਸੰਗਠਨ ਦੇ ਇਕ ਡਾਇਰੈਕਟਰ ਨਾਲ ਜੁੜੇ ਕੰਪਲੈਕਸ ਤੋਂ ਇਲਾਵਾ ਸ਼ਹਿਰ ਦੇ ਇਕ ਕਾਰੋਬਾਰੀ ਜਿਸ ਦੀ ਕੰਪਨੀ ਵੱਖ-ਵੱਖ ਨਸ਼ੀਲੇ ਪਦਾਰਥਾਂ ਦਾ ਆਯਾਤ ਅਤੇ ਵੰਡ ਕਰਦੀ ਹੈ ਅਤੇ ਪੰਜਾਬ ਦੇ ਇਕ ਸਾਬਕਾ ਵਿਧਾਇਕ ਦੇ ਕੰਪਲੈਕਸ ਦੀ ਵੀ ਈ.ਡੀ. ਦੇ ਅਧਿਕਾਰੀਆਂ ਨੇ ਤਲਾਸ਼ੀ ਲਈ ਸੀ। ਕੇਂਦਰੀ ਏਜੰਸੀ ਇਸ ਮਾਮਲੇ 'ਚ ਹੁਣ ਤੱਕ 103 ਤੋਂ ਵੱਧ ਥਾਂਵਾਂ ਦੀ ਛਾਪੇਮਾਰੀ ਕਰ ਚੁੱਕੀ ਹੈ। ਏਜੰਸੀ ਨੇ ਪਿਛਲੇ ਮਹੀਨੇ ਸ਼ਰਾਬ ਕਾਰੋਬਾਰੀ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਇਡੋਸਪੀਰਿਟ ਦੇ ਪ੍ਰਬੰਧ ਡਾਇਰੈਕਟਰ ਸਮੀਰ ਮਹੇਂਦਰੂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਨੀ ਲਾਂਡਰਿੰਗ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇਕ ਐੱਫ.ਆਈ.ਆਰ. ਤੋਂ ਸਾਹਮਣੇ ਆਇਆ ਹੈ, ਜਿਸ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਕ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਦਿੱਲੀ ਦੀ ਆਬਕਾਰੀ ਨੀਤੀ 2021-22 ਦੇ ਲਾਗੂ ਕਰਨ 'ਚ ਬੇਨਿਯਮੀਆਂ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਤੋਂ ਬਾਅਦ ਇਹ ਯੋਜਨਾ ਜਾਂਚ ਦੇ ਦਾਇਰੇ 'ਚ ਆਈ। ਉਨ੍ਹਾਂ ਨੇ ਇਸ ਮਾਮਲੇ 'ਚ 11 ਆਬਕਾਰੀ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ