ਦਿੱਲੀ ਚੋਣਾਂ : ਵੋਟਿੰਗ ਲਈ ਲੰਬੀਆਂ ਲਾਈਨਾਂ,ਕਪਿਲ ਮਿਸ਼ਰਾ ਸਮੇਤ ਇਨ੍ਹਾਂ ਨੇਤਾਵਾਂ ਨੇ ਪਾਈ ਵੋਟ
Saturday, Feb 08, 2020 - 09:25 AM (IST)

ਨਵੀਂ ਦਿੱਲੀ— ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ ਭਾਵ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ। ਦਿੱਲੀ ਦੇ 1,47,86,382 ਵੋਟਰ ਅੱਜ ਤੈਅ ਕਰਨਗੇ ਕਿ ਦਿੱਲੀ ਦੀ ਸੱਤਾ 'ਤੇ ਕਿਹੜੀ ਪਾਰਟੀ ਕਾਬਜ਼ ਹੋਵੇਗੀ। ਚੋਣਾਂ 'ਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੂਰੀ ਦਿੱਲੀ 'ਚ ਸੁਰੱਖਿਆ ਵਿਵਸਥਾ ਸਖਤ ਹੈ। ਵੋਟਿੰਗ ਕੇਂਦਰਾਂ 'ਤੇ ਬਜ਼ੁਰਗਾਂ, ਔਰਤਾਂ ਦੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਸ ਦਰਮਿਆਨ ਨੇਤਾਵਾਂ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਪੂਰਬੀ ਦਿੱਲੀ ਦੇ ਯਮੁਨਾ ਵਿਹਾਰ 'ਚ ਭਾਜਪਾ ਨੇਤਾ ਕਪਿਲ ਮਿਸ਼ਰਾ ਆਪਣੀ ਮਾਂ ਅਤੇ ਪਤਨੀ ਨਾਲ ਵੋਟ ਪਾਉਣ ਲਈ ਪੁੱਜੇ। ਕਪਿਲ ਨੇ ਕਿਹਾ ਕਿ ਅੱਜ ਦਿੱਲੀ ਦੀ ਜਨਤਾ ਵੋਟ ਪਾ ਕੇ ਹਿਸਾਬ ਕਰ ਦੇਵੇਗੀ। ਕਪਿਲ ਮਿਸ਼ਰਾ ਨੇ ਇਹ ਵੀ ਕਿਹਾ ਕਿ ਵਿਕਾਸ ਦੇ ਨਾਮ 'ਤੇ ਹੀ ਵੋਟ ਦੇਣੀ ਚਾਹੀਦੀ ਹੈ।
ਓਧਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਆਪਣੀ ਮਾਂ ਨਾਲ ਕ੍ਰਿਸ਼ਨਾ ਨਗਰ ਦੇ ਪਬਲਿਕ ਸਕੂਲ ਵਿਚ ਵੋਟ ਪਾਉਣ ਲਈ ਪੁੱਜੇ। ਭਾਜਪਾ ਦੇ ਅਨਿਲ ਗੋਇਲ ਅਤੇ ਕਾਂਗਰਸ ਦੇ ਅਸ਼ੋਕ ਵਾਲੀਆ ਅਤੇ 'ਆਪ' ਦੇ ਐੱਸ. ਕੇ. ਬੱਗਾ ਇੱਥੋਂ ਚੋਣ ਲੜ ਰਹੇ ਹਨ।
ਭਾਜਪਾ ਸੰਸਦ ਪ੍ਰਵੇਸ਼ ਵਰਮਾ ਨੇ ਮਟਿਆਲਾ ਵਿਧਾਨ ਸਭਾ ਖੇਤਰ ਦੇ ਇਕ ਬੂਥ 'ਚ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਂਜਲ ਨੇ ਆਪਣੀ ਪਤਨੀ ਮਾਲਾ ਬੈਂਜਲ ਨਾਲ ਵੋਟ ਪਾਈ।