ਕਿਸਦੀ ਹੋਵੇਗੀ ਦਿੱਲੀ? ਸ਼ਾਮ 6 ਵਜੇ ਤੱਕ ਲੋਕ ਪਾ ਸਕਣਗੇ ਵੋਟ, 11 ਨੂੰ ਰਿਜ਼ਲਟ

02/08/2020 8:01:45 AM

ਨਵੀਂ ਦਿੱਲੀ— ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਪਾਰਟੀ 'ਆਪ', ਵਿਰੋਧੀ ਧਿਰ ਭਾਜਪਾ ਤੇ ਕਾਂਗਰਸ ਮੁੱਖ ਤੌਰ 'ਤੇ ਮੈਦਾਨ ਵਿਚ ਹਨ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

 

ਦਿੱਲੀ ਦੇ 1,47,86,382 ਵੋਟਰ ਫੈਸਲਾ ਲੈਣਗੇ ਕਿ ਦਿੱਲੀ ਵਿਚ ਕਿਹੜੀ ਪਾਰਟੀ ਸੱਤਾ ਵਿਚ ਆਵੇਗੀ। ਵੋਟਿੰਗ ਅੱਜ ਸ਼ਾਮ 6 ਵਜੇ ਤੱਕ ਖਤਮ ਹੋ ਜਾਵੇਗੀ। ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿਧਾਨ ਸਭਾ ਚੋਣਾਂ ਨਿਰਪੱਖ ਤੇ ਪੁਰ-ਅਮਨ ਕਰਵਾਉਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। 40 ਹਜ਼ਾਰ ਸੁਰੱਖਿਆ ਕਰਮਚਾਰੀ, 19 ਹਜ਼ਾਰ ਹੋਮਗਾਰਡ ਅਤੇ ਸੀ. ਏ. ਪੀ. ਐੱਫ. ਯਾਨੀ ਸੈਂਟਰਲ ਪੁਲਸ ਫੋਰਸ ਦੀਆਂ 190 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਪਿਛਲੀਆਂ ਚੋਣਾਂ ਵਿਚ 'ਆਪ' ਨੇ 70 ਵਿਧਾਨ ਸਭਾ ਸੀਟਾਂ 'ਚੋਂ 67 'ਤੇ ਜਿੱਤ ਦਰਜ ਕੀਤੀ ਸੀ। ਇਸ ਵਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਚ ਸੀ. ਏ. ਏ. ਤੋਂ ਲੈ ਕੇ ਕਈ ਮੁੱਦੇ ਗਰਮ ਸਨ। ਸੱਤਾਧਾਰੀ 'ਆਪ' ਤੇ ਉੱਥੇ ਹੀ ਭਾਜਪਾ ਨੇ ਜਮ ਕੇ ਚੋਣ ਪ੍ਰਚਾਰ ਕੀਤਾ, ਜਦੋਂ ਕਿ ਪੂਰੇ ਚੋਣ ਪ੍ਰਚਾਰ 'ਤੇ ਨਜ਼ਰ ਪਾਈਏ ਤਾਂ ਕਾਂਗਰਸ ਲਗਭਗ ਗਾਇਬ ਦਿਸੀ। ਹਾਲਾਂਕਿ, ਜਦੋਂ ਪ੍ਰਚਾਰ ਰੁਕਣ 'ਚ ਦੋ ਦਿਨ ਬਚੇ ਉਦੋਂ ਰਾਹੁਲ ਗਾਂਧੀ ਪੀ. ਐੱਮ. ਮੋਦੀ 'ਤੇ ਵਿਵਾਦਿਤ ਟਿਪਣੀ ਕਾਰਨ ਸੁਰਖੀਆਂ 'ਚ ਰਹੇ। ਉੱਥੇ ਹੀ, ਸ਼ਾਹੀਨ ਬਾਗ ਤੇ ਹਿੰਦੂ-ਮੁਸਲਿਮ ਦਾ ਮੁੱਦਾ ਚੋਣ ਮੁਹਿੰਮ ਵਿਚ ਕੇਂਦਰ ਵਿਚ ਰਿਹਾ ਪਰ ਫਿਰ ਵੀ ਤਿੰਨੋਂ ਪ੍ਰਮੁੱਖ ਪਾਰਟੀਆਂ ਨੇ ਚੋਣ ਮਨੋਰਥ ਪੱਤਰ ਵਿਚ 'ਫ੍ਰੀ' ਸ਼ਬਦ ਦੀ ਜ਼ੋਰਦਾਰ ਵਰਤੋਂ ਕੀਤੀ ਹੈ। ਮੈਨੀਫੈਸਟੋ 'ਚ ਸਭ ਨੇ 200-300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ 20 ਹਜ਼ਾਰ ਲੀਟਰ ਪਾਣੀ, ਤੇ ਹੋਰ ਕਈ ਵੀ ਕਈ ਦਿਲ ਖਿਚਵੇਂ ਵਾਅਦੇ ਕੀਤੇ ਗਏ ਹਨ।


Related News