ਕੋਰੋਨਾ ਦਿਸ਼ਾ-ਨਿਰਦੇਸ਼ਾਂ ਨਾਲ ਜਾਮਾ ਮਸਜਿਦ ’ਚ ਲੋਕਾਂ ਨੇ ਨਮਾਜ਼ ਕੀਤੀ ਅਦਾ, PM ਮੋਦੀ ਨੇ ਕਿਹਾ- ‘ਈਦ ਮੁਬਾਰਕ’
Wednesday, Jul 21, 2021 - 11:59 AM (IST)
ਨਵੀਂ ਦਿੱਲੀ— ਕੋਰੋਨਾ ਸੰਕਟ ਦਰਮਿਆਨ ਅੱਜ ਯਾਨੀ ਕਿ ਬੁੱਧਵਾਰ ਨੂੰ ਈਦ-ਉਲ-ਅਜਹਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਿੱਲੀ ਸਥਿਤ ਜਾਮਾ ਮਸਜਿਦ ’ਚ ਲੋਕਾਂ ਨੇ ਈਦ ਦੇ ਤਿਉਹਾਰ ਮੌਕੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਤਹਿਤ ਨਮਾਜ਼ ਅਦਾ ਕੀਤੀ। ਉੱਥੇ ਹੀ ਇਸ ਖਾਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਦਰਮਿਆਨ ਭਾਰੀ ਸੁਰੱਖਿਆ ਪ੍ਰੋਟੋਕਾਲ ਵਿਚਾਲੇ ਵੀ ਲੋਕ ਮਸਜਿਦਾਂ ਵਿਚ ਨਮਾਜ਼ ਅਦਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਈਦ ਮੁਬਾਰਕ! ਈਦ-ਉਲ-ਅਜਹਾ ’ਤੇ ਸ਼ੁੱਭਕਾਮਨਾਵਾਂ। ਆਓ, ਇਸ ਦਿਨ ਸੇਵਾ ’ਚ ਸਮੂਹਕ ਹਮਦਰਦੀ, ਸਦਭਾਵਨਾ ਅਤੇ ਵਿਲੱਖਣਤਾ ਦੀ ਭਾਵਨਾ ਨੂੰ ਅੱਗੇ ਵਧਾਈਏ।
ਓਧਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦੇਸ਼ ਵਾਸੀਆਂ ਨੂੰ ਈਦ ਮੁਬਾਰਕ ਕਿਹਾ। ਉਨ੍ਹਾਂ ਟਵੀਟ ਕੀਤਾ ਕਿ ਸਾਰੇ ਦੇਸ਼ ਵਾਸੀਆਂ ਨੂੰ ਈਦ ਮੁਬਾਰਕ! ਈਦ-ਉਲ-ਅਜਹਾ ਪਿਆਰ, ਤਿਆਗ ਅਤੇ ਬਲੀਦਾਨ ਦੀ ਭਾਵਨਾ ਪ੍ਰਤੀ ਆਦਰ ਜ਼ਾਹਰ ਕਰਨ ਅਤੇ ਸਮਾਜ ’ਚ ਏਕਤਾ ਅਤੇ ਭਾਈਚਾਰੇ ਲਈ ਮਿਲ ਕੇ ਕੰਮ ਕਰਨ ਦਾ ਤਿਉਹਾਰ ਹੈ। ਆਓ, ਅਸੀਂ ਕੋਵਿਡ-19 ਤੋਂ ਬਚਾਅ ਦੇ ਉਪਾਅ ਅਪਣਾਉਂਦੇ ਹੋਏ ਸਮਾਜ ਦੇ ਹਰ ਵਰਗ ਦੀ ਖੁਸ਼ਹਾਲੀ ਲਈ ਕੰਮ ਕਰਨ ਦਾ ਸੰਕਲਪ ਲਈਏ।
ਸਵੇਰੇ ਜਾਮਾ ਮਸਜਿਦ ਵਿਚ ਪੁਲਸ ਸੁਰੱਖਿਆ ਦਰਮਿਆਨ ਭੀੜ ਨੂੰ ਇਕੱਠੇ ਹੋਣ ਤੋਂ ਰੋਕਿਆ ਗਿਆ। ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਹਿਰ ਨੂੰ ਰੋਕਣ ਲਈ ਅਸੀਂ ਕੋਵਿਡ-19 ਨਿਯਮਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਸਾਨੂੰ ਤੀਜੀ ਲਹਿਰ ਦੇ ਮੱਦੇਨਜ਼ਰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।
ਅਸੀਂ ਸੀਮਤ ਲੋਕਾਂ ਨੂੰ ਜਾਮਾ ਮਸਜਿਦ ’ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਸੀ। ਸ਼ਾਹੀ ਇਮਾਮ ਅਬਦੁੱਲ ਗਫੂਰ ਸ਼ਾਹ ਬੁਖਾਰੀ ਨੇ ਕਿਹਾ ਕਿ 15-20 ਲੋਕਾਂ ਨੇ ਨਮਾਜ਼ ਅਦਾ ਕੀਤੀ।
ਉੱਥੇ ਹੀ ਪੰਜਾਬ ਦੇ ਅੰਮ੍ਰਿਤਸਰ ’ਚ ਖੈਰੂਦੀਨ ਮਸਜਿਦ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਨਮਾਜ਼ ਅਦਾ ਕੀਤੀ।